ਬਟਾਲਾ, 22 ਨਵੰਬਰ 2025 (Time TV Punjabi) – ਲੇਖਕ: ਗੁਰਪ੍ਰੀਤ, ਸੀਨੀਅਰ ਨਿਊਜ਼ ਐਡੀਟਰ: ਵਿਜੀਲੈਂਸ ਨੇ ਦੇਰ ਰਾਤ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਟੀਮ ਨੇ ਐਸਡੀਐਮ ਤੋਂ 12:30 ਵਜੇ ਤੱਕ ਪੁੱਛਗਿੱਛ ਕੀਤੀ। ਇਹ ਕਾਰਵਾਈ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਲਗਭਗ ਤਿੰਨ ਘੰਟੇ ਪੁੱਛਗਿੱਛ ਅਤੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ, ਟੀਮ ਐਸਡੀਐਮ ਨੂੰ ਇੱਕ ਗੱਡੀ ਵਿੱਚ ਲੈ ਗਈ।
ਐਸਡੀਐਮ ਨੂੰ ਲਿਜਾਣ ਤੋਂ ਪਹਿਲਾਂ, ਟੀਮ ਨੇ ਉਸਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ। ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਮਾਮਲੇ ਦਾ ਖੁਲਾਸਾ ਨਹੀਂ ਕੀਤਾ ਹੈ , ਕਿ ਕਿਉਂ ਐਸਡੀਐਮ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਐਸਡੀਐਮ ਦੀ ਹਿਰਾਸਤ ਦੇ ਸਵਾਲ ‘ਤੇ ਅਧਿਕਾਰੀ ਚੁੱਪ ਹਨ। ਸੂਤਰਾਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਨਕਦ ਬਰਾਮਦ ਹੋਏ ਸਨ। ਹਾਲਾਂਕਿ, ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਵਿਜੀਲੈਂਸ ਨੇ ਰਾਤ 9 ਵਜੇ ਐਸਡੀਐਮ ਵਿਕਰਮਜੀਤ ਸਿੰਘ ਦੇ ਸਰਕਾਰੀ ਘਰ ‘ਤੇ ਗੁਪਤ ਛਾਪਾ ਮਾਰਿਆ। ਛਾਪਾ ਬਾਰੇ ਕਿਸੇ ਨੂੰ ਵੀ ਜਾਣਕਾਰੀ ਦਿੱਤੇ ਬਿਨਾਂ ਮਾਰਿਆ ਗਿਆ। ਬਟਾਲਾ ਪੁਲਿਸ ਤੋਂ ਇਲਾਵਾ ਕੋਈ ਵੀ ਮੌਕੇ ‘ਤੇ ਮੌਜੂਦ ਨਹੀਂ ਸੀ। ਜਿਵੇਂ ਹੀ ਅਧਿਕਾਰੀ ਪਹੁੰਚੇ, ਉਨ੍ਹਾਂ ਨੇ ਰਿਹਾਇਸ਼ ਵਿੱਚ ਦਾਖਲ ਹੋ ਕੇ ਘਰ ਦੀ ਤਲਾਸ਼ੀ ਲਈ।







