ਫਾਜ਼ਿਲਕਾ —— ਸੀਨੀਅਰ ਪੁਲਿਸ ਕਪਤਾਨ ਫ਼ਾਜ਼ਿਲਕਾ ਗੁਰਮੀਤ ਸਿੰਘ ਵੱਲੋਂ ਸਿਹਤ ਵਿਭਾਗ ਫ਼ਾਜ਼ਿਲਕਾ ਦੇ 11 ਡਾਕਟਰ ਜਿਨਾ ਵਿੱਚ ਸਹਾਇਕ ਸਿਵਲ ਸਰਜਨ ਡਾ ਰੋਹਿਤ ਗੋਇਲ,ਜਨਰਲ ਸਰਜਨ ਡਾ ਅਰਪਿਤ ਗੁਪਤਾ ,ਹੱਡੀਆਂ ਦੇ ਮਾਹਿਰ ਡਾ ਨਿਸ਼ਾਤ ਸੇਤੀਆ ,ਜਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ ਐਡੀਸ਼ਨ ਐਰਿਕ ਅਤੇ ਡਾ ਭੂਪੇਨ ਸਿਸੋਦੀਆ ,ਡਾ ਗਗਨਦੀਪ ਸਿੰਘ,ਡਾ ਸਨਮਾਨ ,ਡਾ ਧਰਮਵੀਰ ,ਡਾ ਸੋਨੀਮਾ ,ਡਾ ਪ੍ਰਿਆ ਕੰਬੋਜ,ਡਾ ਪੂਜਾ ਵਾਟਸ ਨੂੰ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਸਨਮਾਨ ਦੇ ਤੌਰ ਤੇ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਵੱਲੋਂ ਬਿਹਤਰ ਸਿਹਤ ਸਹੂਲਤਾਂ ਬਦਲੇ ਸਨਮਾਨਿਤ ਹੋਏ ਸਮੂਹ ਡਾਕਟਰਾਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਇਸੇ ਤਰਾਂ ਸਿਹਤ ਸਹੂਲਤਾਂ ਵਿੱਚ ਹੋਰ ਚੰਗੀ ਕਾਰਗੁਜ਼ਾਰੀ ਲਈ ਪ੍ਰਤੋਸ਼ਾਹਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਹੜਾਂ ਦੌਰਾਨ ਡਾਕਟਰ ਸਾਹਿਬਾਨ ਵੱਲੋਂ ਜਿਥੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾ ਪ੍ਰਦਾਨ ਕੀਤੀਆਂ ਗਈਆਂ ਹਨ ਉਥੇ ਕਿਸ਼ਤੀਆਂ ਤੇ ਸਵਾਰ ਹੋ ਕੇ ਹੜਾਂ ਵਿਚ ਫਸੇ ਲੋਕਾਂ ਨੂੰ ਦਵਾਈਆਂ ਤੇ ਇਲਾਜ ਦੀ ਸੁਵਿਧਾ ਮੁਹਈਆ ਕਰਵਾਈ ਗਈ।
ਹੜਾਂ ਦੌਰਾਨ ਡਾਕਟਰ ਸਾਹਿਬਾਨਾਂ ਵੱਲੋਂ ਗਰਭਵਤੀ ਔਰਤਾਂ ਨੂੰ ਵੀ ਸਿਹਤ ਸੇਵਾਵਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਗਈ | ਇਸ ਤੋਂ ਇਲਾਵਾ ਡੇਂਗੂ ਦੇ ਪ੍ਰਸਾਰ ਨੂੰ ਰੋਕਣ ਲਈ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਰਿਹਾ ਹੈ ਤੇ ਪੂਰਾ ਸਿਹਤ ਅਮਲਾ ਜੰਗੀ ਪੱਧਰ ਤੇ ਗਤੀਵਿਧੀਆਂ ਕਰਕੇ ਡੇਂਗੂ ਖਿਲਾਫ ਇਕਜੁੱਟ ਰਿਹਾ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਸਮੇਤ ਸਿਹਤ ਵਿਭਾਗ ਦੇ ਕਰਮਚਾਰੀ ਸੁਖਜਿੰਦਰ ਸਿੰਘ ਅਤੇ ਪਾਰਸ ਕਟਾਰੀਆ ਮੌਜੂਦ ਸਨ।







