ਭਾਰਤ ਵਿੱਚ ਘਾਨਾ ਦੇ ਹਾਈ ਕਮਿਸ਼ਨਰ ਐਚ.ਈ. ਪ੍ਰੋ: ਕਵਾਸੀ ਓਬਿਰੀ-ਡਾਂਸੋ ਨੂੰ ਹਰਪ੍ਰੀਤ ਸੰਧੂ ਵੱਲੋਂ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਸਤਕ ਭੇਟ

On: ਨਵੰਬਰ 29, 2025 10:00 ਬਾਃ ਦੁਃ
Follow Us:

ਚੰਡੀਗੜ੍ਹ/ਨਵੀਂ ਦਿੱਲੀ —— ਘਾਨਾ ਨਾਲ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਮਿਸਾਲੀ ਕਦਮ ਵਿੱਚ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ, ਹਰਪ੍ਰੀਤ ਸੰਧੂ ਨੇ ਭਾਰਤ ਵਿੱਚ ਘਾਨਾ ਦੇ ਨਵ-ਨਿਯੁਕਤ ਹਾਈ ਕਮਿਸ਼ਨਰ ਐੱਚ.ਈ. ਪ੍ਰੋ. ਕਵਾਸੀ ਓਬਰੀ-ਡਾਂਸੋ ਨਾਲ ਘਾਨਾ ਹਾਈ ਕਮਿਸ਼ਨ, ਨਵੀਂ ਦਿੱਲੀ ਵਿਖੇ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਸਤਕ, ਨੌਵੇਂ ਸਿੱਖ ਗੁਰੂ ਨਾਲ ਸਬੰਧਿਤ ਇਤਿਹਾਸਕ ਅਸਥਾਨਾਂ ਨੂੰ ਦਰਸਾਉਂਦੀ ਪਾਵਨ ਵਿਜ਼ੂਅਲ ਸਾਹਿਤ ਦਾ ਸੈੱਟ, ਪੰਜਾਬੀ ਵਰਣਮਾਲਾ ਨਾਲ ਸਜਾਈ ਇੱਕ ਰਵਾਇਤੀ ਸ਼ਾਲ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਵਿਰਾਸਤੀ ਤਲਵਾਰ ਭੇਟ ਕੀਤੀ, ਜੋ ਘਾਨਾ ਅਤੇ ਪੰਜਾਬ ਦਰਮਿਆਨ ਆਲਮੀ ਪੱਧਰ ‘ਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

ਭਾਰਤ ਵਿੱਚ ਘਾਨਾ ਦੇ ਹਾਈ ਕਮਿਸ਼ਨਰ ਐੱਚ.ਈ. ਪ੍ਰੋ. ਕਵਾਸੀ ਓਬਰੀ-ਡਾਂਸੋ ਨੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਘਾਨਾ ਹਾਈ ਕਮਿਸ਼ਨ ਲਈ ਨੌਵੇਂ ਸਿੱਖ ਗੁਰੂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਤ ਡੂੰਘੇ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਨੂੰ ਉਜਾਗਰ ਕਰਨ ਦੇ ਇਸ ਵਿਲੱਖਣ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਨੌਵੇਂ ਸਿੱਖ ਗੁਰੂ ਦੁਆਰਾ ਦਿੱਤੇ ਵਿਸ਼ਵਵਿਆਪੀ ਭਾਈਚਾਰੇ, ਮਨੁੱਖਤਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਪਾਸਾਰ ਕਰਦੀ ਹੈ।

ਭਾਰਤ ਵਿੱਚ ਘਾਨਾ ਦੇ ਹਾਈ ਕਮਿਸ਼ਨਰ ਐੱਚ.ਈ. ਪ੍ਰੋ. ਕਵਾਸੀ ਓਬਰੀ-ਡਾਂਸੋ ਨੇ ਪੰਜਾਬ ਦੇ ਸਟੇਟ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਪੰਜਾਬ ਦੀ ਧਾਰਮਿਕ ਵਿਰਾਸਤ ਨੂੰ ਉਜਾਗਰ ਕਰਨ ਵਾਲੇ ਇਸ ਨੇਕ ਕਾਰਜ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜਿਸ ਦਾ ਉਦੇਸ਼ ਵੱਖ ਵੱਖ ਭਾਈਚਾਰਿਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ਦੇ ਸਥਾਈ ਮਹੱਤਵ ਬਾਰੇ ਜਾਗਰੂਕ ਕਰਨਾ ਹੈ।

ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੇ ਕਿਹਾ ਕਿ ਭਾਰਤ ਵਿੱਚ ਘਾਨਾ ਦੇ ਹਾਈ ਕਮਿਸ਼ਨਰ, ਐੱਚ.ਈ. ਪ੍ਰੋ. ਕਵਾਸੀ ਓਬੀਰੀ-ਡਾਂਸੋ ਨਾਲ ਉਨ੍ਹਾਂ ਦੀ ਗੱਲਬਾਤ ਸੱਭਿਆਚਾਰਕ ਸਾਂਝ ਅਤੇ ਪੰਜਾਬ ਤੇ ਘਾਨਾ ਦਰਮਿਆਨ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਹੈ।

Join WhatsApp

Join Now

Join Telegram

Join Now

Leave a Comment