ਕਪੂਰਥਲਾ —— ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਵਿਰੁੱਧ ਇੱਕ ਫੈਸਲਾਕੁੰਨ ਕਾਰਵਾਈ ਵਿੱਚ, ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਰਗਰਮ ਜੱਗਾ ਫੁਕੀਵਾਲ ਜਬਰਨ ਵਸੂਲੀ ਗਿਰੋਹ ਦੇ ਇੱਕ ਸਰਗਰਮ ਮੈਂਬਰ – ਅਮਨਦੀਪ ਉਰਫ਼ ਅਮਨ, ਜੋ ਕਿ ਤਾਸ਼ਪੁਰ, ਕਪੂਰਥਲਾ ਦਾ ਰਹਿਣ ਵਾਲਾ ਹੈ – ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਅਮਨਦੀਪ ਸਥਾਨਕ ਗੈਂਗਾਂ ਨੂੰ ਗੋਲੀਬਾਰੀ ਅਤੇ ਜਬਰਨ ਵਸੂਲੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹਥਿਆਰ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ।
ਕੁੱਲ ਬਰਾਮਦਗੀ: 09 ਦੇਸੀ ਪਿਸਤੌਲ।
ਜਾਂਚ ਦੌਰਾਨ, ਦੋਸ਼ੀ ਅਮਨਦੀਪ ਨੇ ਖੁਲਾਸਾ ਕੀਤਾ ਕਿ ਉਸਨੇ 2 ਪਿਸਤੌਲ ਆਪਣੇ ਸਾਥੀ ਲਵਪ੍ਰੀਤ ਉਰਫ ਬਾਬਾ ਨੂੰ ਮੁਹੱਈਆ ਕਰਵਾਏ ਸਨ। ਲਵਪ੍ਰੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 1 ਦੇਸੀ ਪਿਸਤੌਲ .32 ਬੋਰ, 1 ਦੇਸੀ ਪਿਸਤੌਲ .315 ਬੋਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹੋਰ ਪੁੱਛਗਿੱਛ ਦੌਰਾਨ ਦੋਸ਼ੀ ਅਮਨਦੀਪ ਦੇ ਘਰ ਦੱਬੇ ਤਿੰਨ ਹੋਰ ਦੇਸੀ ਪਿਸਤੌਲ ਬਰਾਮਦ ਹੋਏ।
ਥਾਣਾ ਸਦਰ ਕਪੂਰਥਲਾ ਵਿਖੇ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਜਾਰੀ ਹੈ। ਇਹ ਜਾਣਕਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ, ਪੰਜਾਬ ਭਰ ਵਿੱਚ ਸੰਗਠਿਤ ਅਪਰਾਧ ਨੂੰ ਰੋਕਣ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਕਰਨ ਲਈ ਬਚਨਬੱਧ ਹੈ।







