ਚੰਡੀਗੜ੍ਹ — ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਚੋਣਾਂ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ, ਅੰਮ੍ਰਿਤਸਰ ਦੇ ਖਾਸਾ ਅਤੇ ਖੁਰਮਣੀਆਂ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀ ਗਈ ਹੈ। ਇੱਥੇ ਬੈਲਟ ਪਰਚੀਆਂ ‘ਤੇ ‘ਆਪ’ ਉਮੀਦਵਾਰ ਦਾ ਨਾਂਅ ਤਾਂ ਠੀਕ ਸੀ, ਪਰ ਚੋਣ ਨਿਸ਼ਾਨ ਗਲਤ ਛਾਪ ਗਿਆ ਸੀ। ਜਿਸ ਕਾਰਨ ਦੋਵਾਂ ਥਾਵਾਂ ‘ਤੇ ਚੋਣ ਰੱਦ ਕਰ ਦਿੱਤੀ ਗਈ।
ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਚੋਣ ਸਟਾਫ਼ ਤਾਇਨਾਤ ਹੈ।
ਇਨ੍ਹਾਂ ਵਿੱਚੋਂ, ਜ਼ਿਲ੍ਹਾ ਪ੍ਰੀਸ਼ਦ ਲਈ 1,280 ਉਮੀਦਵਾਰ ਅਤੇ ਬਲਾਕ ਸੰਮਤੀ ਲਈ 8,495 ਉਮੀਦਵਾਰ ਚੋਣ ਲੜ ਰਹੇ ਹਨ। ‘ਆਪ’, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਆਪਣੇ-ਆਪਣੇ ਪਾਰਟੀ ਚਿੰਨ੍ਹਾਂ ‘ਤੇ ਚੋਣ ਲੜ ਰਹੀਆਂ ਹਨ।







