ਵਿਜੀਲੈਂਸ ਵੱਲੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 25000 ਰੁਪਏ ਲੈਂਦਾ ਪਟਵਾਰੀ ਕਾਬੂ

On: ਨਵੰਬਰ 21, 2025 5:51 ਬਾਃ ਦੁਃ
Follow Us:

ਚੰਡੀਗੜ੍ਹ ——- ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਰਕਲ ਗੋਲਵਾਰਡ ਪਿੰਡ ਬਾਲਾ ਚੱਕ, ਜ਼ਿਲ੍ਹਾ ਤਰਨਤਾਰਨ ਵਿਖੇ ਤਾਇਨਾਤ ਪਟਵਾਰੀ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਸ਼ਿਕਾਇਤਕਰਤਾ,ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 25000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਹੈ ਅਤੇ ਇਸਨੂੰ ਵੇਚਣ ਲਈ, ਸ਼ਿਕਾਇਤਕਰਤਾ ਨੇ ਆਪਣੀ ਜ਼ਮੀਨ ਦੇ ਇੰਤਕਾਲ (ਫਰਦ) ਦੀ ਕਾਪੀ ਪ੍ਰਾਪਤ ਕੀਤੀ। ਫਿਰ, ਉਸਨੂੰ ਪਤਾ ਲੱਗਾ ਕਿ ਇਹ ਜ਼ਮੀਨ ਉਸਦੇ ਨਾਮ ’ਤੇ ਨਹੀਂ, ਸਗੋਂ ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਰਜਿਸਟਰ ਹੈ।

ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਇਸ ਇੰਤਕਾਲ ਨੂੰ ਠੀਕ ਕਰਵਾਉਣ ਲਈ ਸਰਕਲ ਪਟਵਾਰੀ ਸਰਬਜੀਤ ਸਿੰਘ ਨੂੰ ਮਿਲਿਆ, ਜਿਸਨੇ ਸ਼ਿਕਾਇਤਕਰਤਾ ਦੇ ਇੰਤਕਾਲ ਦੇ ਰਿਕਾਰਡ ਨੂੰ ਠੀਕ ਕਰਨ ਦੇ ਬਦਲੇ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸੌਦਾ 30,000/- ਰੁਪਏ ਵਿੱਚ ਤੈਅ ਹੋਇਆ। ਇਸ ਸਬੰਧ ਵਿੱਚ, ਦੋਸ਼ੀ ਪਟਵਾਰੀ ਨੇ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ ਮੌਕੇ ’ਤੇ ਹੀ 5,000/- ਰੁਪਏ ਰਿਸ਼ਵਤ ਲਈ।

ਸ਼ਿਕਾਇਤਕਰਤਾ ਵੱਲੋਂ ਦਿੱਤੀ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਪਟਵਾਰੀ ਸਰਬਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੂਜੀ ਕਿਸ਼ਤ ਵਜੋਂ 25000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਪਟਵਾਰੀ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ।

Join WhatsApp

Join Now

Join Telegram

Join Now

Leave a Comment