ਵਿਜੀਲੈਂਸ ਬਿਊਰੋ ਅਤੇ ਫੂਡ ਸੇਫਟੀ ਅਫਸਰ ਨੇ ਫਾਜ਼ਿਲਕਾ ਦੀ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ, ਸੈਂਪਲ ਲਏ

10

ਵਿਜੀਲੈਂਸ ਬਿਊਰੋ ਅਤੇ ਫੂਡ ਸੇਫਟੀ ਅਫਸਰ ਨੇ ਫਾਜ਼ਿਲਕਾ ਦੀ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ, ਸੈਂਪਲ ਲਏ

ਫਾਜ਼ਿਲਕਾ, 26 ਮਾਰਚ 2025

ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ੍ਰੀ ਨਗੇਸ਼ਵਰ ਰਾਓ ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਸ੍ਰੀ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਸ੍ਰੀ ਗੁਰਿੰਦਰਜੀਤ ਸਿੰਘ ਦੀ ਟੀਮ ਨੇ ਫੂਡ ਸੇਫਟੀ ਅਫਸਰ ਸਿਵਲ ਸਰਜਨ ਦਫਤਰ ਫਾਜ਼ਿਲਕਾ ਸ੍ਰੀ ਕੰਵਰਦੀਪ ਸਿੰਘ ਦੀ ਟੀਮ ਨਾਲ ਮਿਲ ਕੇ ਸ਼ੀਨੂ ਡੇਅਰੀ, ਕੈਂਟ ਰੋਡ ਫਾਜ਼ਿਲਕਾ ਦੀ ਅਚਨਚੇਤ ਚੈਕਿੰਗ ਕੀਤੀ। ਇਹ ਡੇਅਰੀ, ਜਿਸ ਦੇ ਮਾਲਕ ਸ੍ਰੀ ਸਾਹਿਲ ਅਨੇਜਾ ਹਨ, ਰੋਜ਼ਾਨਾ 4,000 ਤੋਂ 5,000 ਲੀਟਰ ਦੁੱਧ ਦੀ ਆਮਦ ਰੱਖਦੀ ਹੈ। ਚੈਕਿੰਗ ਦੌਰਾਨ ਡੇਅਰੀ ਮਾਲਕ ਦੇ ਨਾਲ-ਨਾਲ ਡਾ. ਨਿਖਿਲ ਕਟਾਰੀਆ, ਮੈਡੀਕਲ ਅਫਸਰ ਸਿਵਲ ਹਸਪਤਾਲ ਫਾਜ਼ਿਲਕਾ, ਵੀ ਹਾਜ਼ਰ ਸਨ।

ਇਸ ਦੌਰਾਨ ਫੂਡ ਸੇਫਟੀ ਅਫਸਰ ਸ੍ਰੀ ਕੰਵਰਦੀਪ ਸਿੰਘ ਦੀ ਟੀਮ ਨੇ ਦੁੱਧ, ਪਨੀਰ, ਮੱਖਣ ਅਤੇ ਘਿਓ ਦੇ ਸੈਂਪਲ ਇਕੱਠੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸੈਂਪਲ ਜਾਂਚ ਲਈ ਫੂਡ ਐਂਡ ਡਰੱਗਜ਼ ਲੈਬ, ਖਰੜ ਵਿਖੇ ਜਮ੍ਹਾਂ ਕਰਵਾਏ ਜਾਣਗੇ। ਜੇਕਰ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਗੜਬੜੀ ਸਾਹਮਣੇ ਆਈ, ਤਾਂ ਸਬੰਧਤ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।