ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦੀ ਤਿਆਰੀ! ਵੋਟਰ ਸੂਚੀਆਂ ਲਈ ਜਾਰੀ ਹੋਇਆ ਸ਼ਡਿਊਲ

35

ਅਹਿਮ ਖ਼ਬਰ: ਪੰਜਾਬ ‘ਚ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਰਵਾਉਣ ਦੀ ਤਿਆਰੀ! ਵੋਟਰ ਸੂਚੀਆਂ ਲਈ ਜਾਰੀ ਹੋਇਆ ਸ਼ਡਿਊਲ

14 ਅਤੇ 15 ਫਰਵਰੀ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਲਗਾਏ ਜਾਣਗੇ

ਮੋਹਾਲੀ : ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਸ਼੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025 ਦੀ ਤਿਆਰੀ ਲਈ ਵੋਟਰ ਸੂਚੀਆਂ ਤਿਆਰ ਕਰਨ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਇਸ ਸ਼ਡਿਊਲ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਵੋਟਰ ਸੂਚੀਆਂ ਤਿਆਰ ਕਰਨ ਲਈ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦਾ ਕੰਮ ਪਹਿਲ ਦੇ ਆਧਾਰ ਤੇ ਸਬੰਧਤ ਪਿੰਡ ਦੇ ਪੰਚਾਇਤ ਸਕੱਤਰਾਂ ਰਾਹੀਂ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ।

ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ 14 ਫਰਵਰੀ 2025, ਦਿਨ ਸ਼ੁਕਰਵਾਰ ਅਤੇ 15 ਫਰਵਰੀ 2025, ਦਿਨ ਸ਼ਨੀਵਾਰ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਲਗਾਏ ਜਾਣਗੇ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਪਾਸੋ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ।

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਲਈ ਜਾਰੀ ਪ੍ਰੋਗਰਾਮ ਅਨੁਸਾਰ ‘ਡਰਾਫਟ ਵੋਟਰ ਰੋਲ’ ਦੀ ਪ੍ਰਕਾਸ਼ਨਾ ਮਿਤੀ 10 ਫਰਵਰੀ 2025 ਨੂੰ, ਦਾਅਵੇ/ਇਤਰਾਜ਼ ਦਰਜ ਕਰਵਾਉਣ ਦੀ ਮਿਤੀ 11 ਫਰਵਰੀ ਤੋਂ 18 ਫਰਵਰੀ 2025 ਤੱਕ, ਪ੍ਰਾਪਤ ਦਾਅਵੇ/ ਇਤਰਾਜ਼ਾਂ ਦਾ ਨਿਪਟਾਰਾ ਮਿਤੀ 27 ਫਰਵਰੀ 2025 ਤੱਕ ਕੀਤਾ ਜਾਵੇਗਾ ਜਦਕਿ ਵੋਟਰ ਸੂਚੀ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ 03 ਮਾਰਚ 2025 ਨੂੰ ਕੀਤੀ ਜਾਵੇਗੀ।