ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨਾ ਵਿੱਚ ਅਫ਼ਸਰ

On: ਨਵੰਬਰ 29, 2025 5:26 ਬਾਃ ਦੁਃ
Follow Us:

• ਅਮਨ ਅਰੋੜਾ ਵੱਲੋਂ ਦੋਵੇਂ ਨੌਜਵਾਨ ਅਫਸਰਾਂ ਨੂੰ ਵਧਾਈ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ

ਚੰਡੀਗੜ੍ਹ —– ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ ਦੋ ਸਾਬਕਾ ਕੈਡਿਟਾਂ ਨੂੰ ਕੇਰਲਾ ਦੇ ਏਝੀਮਾਲਾ ਵਿਖੇ ਕਰਵਾਈ ਗਈ ਇੰਡੀਅਨ ਨੇਵਲ ਅਕੈਡਮੀ (ਆਈ.ਐਨ.ਏ.) ਦੀ ਪਾਸਿੰਗ ਆਊਟ ਪਰੇਡ (ਪੀ.ਓ.ਪੀ.) ਵਿੱਚ ਭਾਰਤੀ ਜਲ ਸੈਨਾ ਵਿੱਚ ਅਫਸਰ ਵਜੋਂ ਕਮਿਸ਼ਨ ਮਿਲਿਆ ਹੈ। ਇਸ ਪਰੇਡ ਦਾ ਨਿਰੀਖਣ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ,. ਏ.ਵੀ.ਐਸ.ਐਮ., ਐਸ.ਐਮ., ਵੀ.ਐਸ.ਐਮ. ਵੱਲੋਂ ਕੀਤਾ ਗਿਆ।

ਦੋਵੇਂ ਅਫਸਰ ਪਾਰਸਦੀਪ ਸਿੰਘ ਖੋਸਾ ਅਤੇ ਯੁਵਰਾਜ ਸਿੰਘ ਤੋਮਰ ਪੜ੍ਹੇ-ਲਿਖੇ ਪਿਛੋਕੜ ਨਾਲ ਸਬੰਧਤ ਹਨ। ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲੇ ਪਾਰਸਦੀਪ ਸਿੰਘ ਖੋਸਾ ਦੀ ਮਾਤਾ ਜੀ.ਜੀ.ਐਸ. ਖਾਲਸਾ ਸਕੂਲ, ਭਲੂਰ ਦੇ ਪ੍ਰਿੰਸੀਪਲ ਹਨ ਅਤੇ ਉਸਦੇ ਪਿਤਾ ਗੁਰੂ ਨਾਨਕ ਮਿਸ਼ਨ ਗਰਲਜ਼ ਕਾਲਜ, ਬਾਘਾਪੁਰਾਣਾ ਦੇ ਡਾਇਰੈਕਟਰ ਹਨ। ਜਲੰਧਰ ਦਾ ਰਹਿਣ ਵਾਲਾ ਯੁਵਰਾਜ ਸਿੰਘ ਤੋਮਰ ਵੀ ਇੱਕ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਪਿਤਾ ਡਲਹੌਜ਼ੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਨ, ਅਤੇ ਉਸਦੀ ਮਾਤਾ ਉਸੇ ਸਕੂਲ ਵਿੱਚ ਕੋਆਰਡੀਨੇਟਰ ਅਤੇ ਮਨੋਵਿਗਿਆਨੀ ਹਨ। ਜ਼ਿਕਰਯੋਗ ਹੈ ਕਿ ਯੁਵਰਾਜ ਦਾ ਛੋਟਾ ਭਰਾ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਸਿਖਲਾਈ ਲੈ ਰਿਹਾ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਪਾਰਸਦੀਪ ਸਿੰਘ ਖੋਸਾ ਅਤੇ ਯੁਵਰਾਜ ਸਿੰਘ ਤੋਮਰ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਸ੍ਰੀ ਅਰੋੜਾ ਨੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਪੂਰੀ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ ਅਤੇ ਪੰਜਾਬ ਦਾ ਸਿਰ ਉੱਚਾ ਕਰਨਗੇ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਇਨ੍ਹਾਂ ਅਫਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ, ਇਸ ਸੰਸਥਾ ਦੇ ਕੁੱਲ 181 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ ਹਨ ਜਿਨ੍ਹਾਂ ਵਿੱਚ ਭਾਰਤੀ ਜਲ ਸੈਨਾ ਵਿੱਚ 22 ਕੈਡਿਟ ਸ਼ਾਮਲ ਹੋਏ ਹਨ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ ਦਿੱਤਾ, ਜਿਸ ਨਾਲ ਇਹ ਸੂਬੇ ਲਈ ਇੱਕ ਮਾਣ ਵਾਲਾ ਪਲ ਬਣ ਗਿਆ।

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ 16ਵੇਂ ਕੋਰਸ ਲਈ ਦਾਖਲਾ ਪ੍ਰੀਖਿਆ 4 ਜਨਵਰੀ ਨੂੰ

ਮੇਜਰ ਜਨਰਲ ਅਜੈ ਐਚ. ਚੌਹਾਨ ਨੇ ਦੱਸਿਆ ਕਿ ਇੰਸਟੀਚਿਊਟ ਵਿਖੇ 16ਵੇਂ ਕੋਰਸ ਲਈ ਦਾਖਲਾ ਪ੍ਰਕਿਰਿਆ ਅਧੀਨ ਹੈ। ਇਸ ਇੰਸਟੀਚਿਊਟ ਰਾਹੀਂ ਐਨ.ਡੀ.ਏ. ਵਿੱਚ ਸ਼ਾਮਲ ਹੋਣ ਦੇ ਚਾਹਵਾਨ 10ਵੀਂ ਜਮਾਤ ਦੇ ਵਿਦਿਆਰਥੀ 15 ਦਸੰਬਰ, 2025 ਤੱਕ https://recruitment-portal.in ਉਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਕੋਰਸ ਸਬੰਧੀ ਦਾਖਲਾ ਪ੍ਰੀਖਿਆ 4 ਜਨਵਰੀ, 2026 (ਐਤਵਾਰ) ਨੂੰ ਹੋਵੇਗੀ।

Join WhatsApp

Join Now

Join Telegram

Join Now

Leave a Comment