ਪੰਜਾਬ ‘ਚ ਅੱਜ ਤਿੰਨ ਦਿਨਾਂ ਬਾਅਦ ਚੱਲਣਗੀਆਂ ਸਰਕਾਰੀ ਬੱਸਾਂ: ਰੋਡਵੇਜ਼ ਕਾਮਿਆਂ ਦੀ ਹੜਤਾਲ ਖਤਮ

On: ਦਸੰਬਰ 1, 2025 8:28 ਪੂਃ ਦੁਃ
Follow Us:

– ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਦੌਰਾਨ ਬਣੀ ਸਹਿਮਤੀ
– ਕਰਮਚਾਰੀਆਂ ਦੀਆਂ ਜਾਇਜ ਮੰਗਾਂ ਛੇਤੀ ਹੱਲ ਹੋਣਗੀਆਂ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ —— ਪੰਜਾਬ ਰੋਡਵੇਜ਼ ਤੇ ਪਨਬੱਸ ਕਾਮਿਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਕੀਤੀ ਹੜਤਾਲ ਖ਼ਤਮ ਹੋ ਗਈ ਹੈ। ਬੀਤੇ ਦਿਨ ਪੱਟੀ (ਤਰਨਤਾਰਨ) ਵਿਖੇ ਟਰਾਂਸਪੋਰਟ ਮੰਤਰੀ ਨਾਲ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਸਹਿਮਤੀ ਬਣ ਗਈ ਹੈ। ਮੀਟਿੰਗ ਮਗਰੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਹੜੇ ਕਰਮਚਾਰੀ ਮੁਅੱਤਲ ਕੀਤੇ ਗਏ ਸਨ, ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਕਰਮਚਾਰੀਆਂ ਦੀਆਂ ਬਾਕੀ ਜਾਇਜ਼ ਮੰਗਾਂ ਦਾ ਵੀ ਛੇਤੀ ਹੱਲ ਕੱਢਿਆ ਜਾਵੇਗਾ।

ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਨਵੀਆਂ ਪਾਈਆਂ ਜਾ ਰਹੀਆਂ ਬੱਸਾਂ ਸਬੰਧੀ ਕਰਮਚਾਰੀ ਯੂਨੀਅਨਾਂ ਦਖ਼ਲਅੰਦਾਜ਼ੀ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਡਿੱਪੂ ਪੱਧਰ ‘ਤੇ ਜੋ ਮੁਲਾਜ਼ਮ ਕਿਸੇ ਗ਼ੈਰਕਾਨੂੰਨੀ ਗਤੀਵਿਧੀ ‘ਚ ਸ਼ਾਮਲ ਪਾਏ ਗਏ, ਸਬੰਧੀ ਯੂਨੀਅਨਾਂ ਬਿਨ੍ਹਾਂ ਵਜ੍ਹਾ ਦਖ਼ਲ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ, ਉੱਥੇ ਹੀ ਸੂਬੇ ਦੇ ਲੋਕਾਂ ਅਤੇ ਯਾਤਰੀਆਂ ਦੇ ਹਿੱਤਾਂ ਦਾ ਖਿਆਲ ਵੀ ਰੱਖ ਰਹੀ ਹੈ।

ਮੰਤਰੀ ਨੇ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਲੋਕ ਹਿੱਤ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਸਰਕਾਰ ਵੀ ਆਪਣੇ ਕਰਮਚਾਰੀਆਂ ਦਾ ਪੂਰਾ ਖਿਆਲ ਰੱਖੇਗੀ।

ਲਾਲਜੀਤ ਭੁੱਲਰ ਨੇ ਅੱਗੇ ਦੱਸਿਆ ਕਿ ਸੂਬੇ ‘ਚ ਸਰਕਾਰੀ ਬੱਸ ਸੇਵਾ ਬਹਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰ ਮੁਸ਼ਕਿਲ ਤੋਂ ਮੁਸ਼ਕਿਲ ਮਾਮਲਿਆਂ ਦਾ ਹੱਲ ਗੱਲਬਾਤ ਜਰੀਏ ਕੱਢਿਆ ਜਾ ਸਕਦਾ ਹੈ। ਉਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਨੂੰ ਕਿਹਾ ਕਿ ਬੱਸ ਅੱਡਿਆਂ ‘ਤੇ ਸਕੂਲੀ ਤੇ ਕਾਲਜ ਵਿਦਿਆਰਥੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਉਹ ਦੇਸ਼ ਦਾ ਭਵਿੱਖ ਹਨ।

Join WhatsApp

Join Now

Join Telegram

Join Now

Leave a Comment