ਹਰ ਪੰਜਾਬੀ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਮੁਫਤ ਇਲਾਜ – ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

4

ਹਰ ਪੰਜਾਬੀ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਮੁਫਤ ਇਲਾਜ – ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ, 26 ਮਾਰਚ

ਪੰਜਾਬ ਵਿਧਾਨ ਸਭਾ ਵਿੱਚ ਵਿੱਤੀ ਸਾਲ 2025-26 ਲਈ ਪੇਸ਼ ਕੀਤਾ ਗਿਆ ₹2,36,080 ਕਰੋੜ ਦਾ ਬਜਟ ਅੱਜ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਦੇ ਹਰ ਪਰਿਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲ ਸਕੇਗਾ। ਪਹਿਲਾਂ ਇਹ ਸਹੂਲਤ 45 ਲੱਖ ਪਰਿਵਾਰਾਂ ਤੱਕ ਸੀਮਤ ਸੀ ਅਤੇ ਸਾਲਾਨਾ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਸੀ, ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਨੂੰ ਵਧਾ ਕੇ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ ਲਈ 10 ਲੱਖ ਰੁਪਏ ਸਾਲਾਨਾ ਕਰ ਦਿੱਤਾ ਹੈ। ਵਿਧਾਇਕ ਨੇ ਇਸ ਨੂੰ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ, ਜੋ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਨਵੀਂ ਉਚਾਈਆਂ ਤੱਕ ਲੈ ਜਾਵੇਗਾ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ਨੂੰ ‘ਉੱਡਦਾ ਪੰਜਾਬ’, ‘ਪਰਿਵਾਰਵਾਦ ਵਾਲਾ ਪੰਜਾਬ’ ਅਤੇ ‘ਕੰਗਾਲ ਪੰਜਾਬ’ ਵਰਗੇ ਟੈਗ ਲੱਗੇ ਸਨ। ਪਰ ਸਾਡੀ ਸਰਕਾਰ ਦੀ ਨਿਰੰਤਰ ਕੋਸ਼ਿਸ਼ ਹੈ ਕਿ ਪੰਜਾਬ ਨੂੰ ਦੁਨੀਆਂ ‘ਰੰਗਲਾ ਪੰਜਾਬ’, ‘ਤੰਦਰੁਸਤ ਪੰਜਾਬ’ ਅਤੇ ‘ਹੱਸਦਾ-ਵੱਸਦਾ ਪੰਜਾਬ’ ਦੇ ਨਾਮ ਨਾਲ ਜਾਣੇ। ਵਿਧਾਇਕ ਨੇ ਦੱਸਿਆ ਕਿ ਆਮ ਲੋਕਾਂ ਦੀ ਇਸ ਸਰਕਾਰ ਨੇ ਲਗਾਤਾਰ ਚੌਥੇ ਸਾਲ ਕੋਈ ਨਵਾਂ ਟੈਕਸ ਨਹੀਂ ਲਗਾਇਆ। ਉਨ੍ਹਾਂ ਅੱਗੇ ਕਿਹਾ ਕਿ ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨਾਂ, ਉਦਯੋਗਾਂ ਦੇ ਨਾਲ-ਨਾਲ ਪੇਂਡੂ ਅਤੇ ਸ਼ਹਿਰੀ ਵਿਕਾਸ ਲਈ ਰੱਖੇ ਗਏ ਫੰਡ ਪੰਜਾਬੀਆਂ ਨੂੰ ‘ਬਦਲਦਾ ਪੰਜਾਬ’ ਦਾ ਸੱਚਾ ਅਹਿਸਾਸ ਕਰਵਾਉਣਗੇ।