ਰਾਜਿੰਦਰਾ ਹਸਪਤਾਲ ਦੇ ਕਾਰਡੀਉਲੋਜੀ ਵਿਭਾਗ ਨੇ 37 ਸਾਲਾ ਨੌਜਵਾਨ ਦੀ ਬਚਾਈ ਜਾਨ

On: ਦਸੰਬਰ 9, 2025 4:32 ਬਾਃ ਦੁਃ
Follow Us:

– ਬਿਨ੍ਹਾਂ ਓਪਰੇਸ਼ਨ ਪੱਟ ਰਾਹੀਂ ਕੈਥੇਟਰ ਪਾ ਕੇ ਦਿਲ ਦੀ ਫਟੀ ਮੁੱਖ ਨਸ ਦੇ ਇਲਾਜ ਨੇ ਮਰੀਜ ਦਾ ਦਿਲ ਫੇਲ ਹੋਣ ਤੋਂ ਬਚਾਇਆ-ਡਾ. ਸਿਬੀਆ

ਪਟਿਆਲਾ —– ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਾਰਡੀਉਲੋਜੀ ਵਿਭਾਗ ਨੇ ਨਾਨ-ਇਨਵੇਸਿਵ ਵੈਂਟੀਲੇਟਰ ‘ਤੇ ਗੰਭੀਰ ਹਾਲਤ ਵਿੱਚ ਦਾਖਲ ਹੋਏ ਇੱਕ 37 ਸਾਲਾ ਨੌਜਵਾਨ ਦੇ ਕੀਤੇ ਤੁਰੰਤ ਇਲਾਜ ਨੇ ਮਰੀਜ ਦਾ ਦਿਲ ਫੇਲ ਹੋਣ ਤੋਂ ਬਚਾਅ ਕੇ ਉਸਦੀ ਜਾਨ ਬਚਾਈ ਹੈ।

ਇਹ ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਨੇ ਦੱਸਿਆ ਕਿ ਇਸ ਮਰੀਜ ਦਾ ਤੁਰੰਤ ਇਲਾਜ ਸ਼ੁਰੂ ਕਰਦਿਆਂ ਡਾ. ਸੌਰਭ ਸ਼ਰਮਾ ਦੀ ਅਗਵਾਈ ਹੇਠ ਦਿਲ ਦੇ ਰੋਗਾਂ ਦੇ ਇਲਾਜ ਕਰਨ ਵਾਲੀ ਮਾਹਰ ਡਾਕਟਰਾਂ ਦੀ ਟੀਮ ਨੇ ਮਰੀਜ ਦਾ ਬਿਨ੍ਹਾਂ ਦਿਲ ਖੋਲ੍ਹੇ ਕੈਥ ਲੈਬ ਵਿੱਚ ਲਿਜਾ ਕੇ ਉਸਦੇ ਪੱਟ ਰਾਹੀਂ ਕੈਥੇਟਰ ਪਾ ਕੇ ਦਿਲ ਦੀ ਫਟੀ ਮੁੱਖ ਨਸ ਦਾ ਇਲਾਜ ਕਰਕੇ ਮਰੀਜ ਦਾ ਦਿਲ ਬਚਾ ਲਿਆ।

ਡਾ. ਆਰ.ਪੀ.ਐਸ. ਸਿਬੀਆ ਨੇ ਦੱਸਿਆ ਕਿ ਮਰੀਜ ਦਾ ਇਹ ਸਾਰਾ ਇਲਾਜ ਮੁਫਤ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਹ ਸਹੂਲਤ ਸਿਰਫ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਵਿੱਚ ਉਪਲਬਧ ਹੈ।

ਇਸ ਦੌਰਾਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਕਾਰਡੀਓਲੋਜੀ ਵਿਭਾਗ 2021 ਤੋਂ ਡਾ. ਸੌਰਭ ਸ਼ਰਮਾ ਦੀ ਅਗਵਾਈ ਵਿੱਚ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 3000 ਤੋਂ ਵੱਧ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਪ੍ਰਦਾਨ ਕੀਤਾ ਹੈ।

ਕਾਰਡੀਉਲੋਜੀ ਵਿਭਾਗ ਦੇ ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ ਦਿਲ ਦੇ ਵਾਲਸਾਲਵਾ ਸਾਈਨਸ ਦਾ ਫਟਣਾ ਆਪਣੇ ਆਪ ਵਿੱਚ ਇੱਕ ਗੰਭੀਰ ਰੋਗ ਹੈ ਅਤੇ ਅਜਿਹੀ ਸਥਿਤੀ ਦਾ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਘੰਟਿਆਂ ਦੇ ਅੰਦਰ ਹੀ ਇਹ ਮਰੀਜ ਦੀ ਮੌਤ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਰੀਜ਼ ਦੇ ਦਿਲ ਦੀ ਮੁੱਖ ਨਸ, ਵਾਲਸਾਲਵਾ ਸਾਈਨਸ ਨੂੰ ਬੰਦ ਕਰਨ ਲਈ ਕੈਥ ਲੈਬ ਵਿੱਚ ਲਿਜਾ ਕੇ ਕੈਥੇਟਰ ਰਾਹੀਂ ਇਲਾਜ ਕੀਤਾ ਤੇ ਮਰੀਜ ਹੁਣ ਬਿਲਕੁਲ ਠੀਕ ਹੈ ਤੇ ਉਸ ਨੂੰ ਛੁੱਟੀ ਕਰ ਦਿੱਤੀ ਗਈ ਹੈ। ਇਸੇ ਦੌਰਾਨ ਮਰੀਜ ਅਤੇ ਉਸਦੇ ਵਾਰਸਾਂ ਨੇ ਹਸਪਤਾਲ ਦੇ ਡਾਕਟਰਾਂਦਾ ਧੰਨਵਾਦ ਕੀਤਾ ਹੈ।

Join WhatsApp

Join Now

Join Telegram

Join Now

Leave a Comment