Punjab News:
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜ੍ਹ ਦੀ ਸਥਿਤੀ ‘ਤੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਅਤੇ ਉਸ ਤੋਂ ਤੁਰੰਤ ਬਾਅਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਵੱਡੇ ਰਾਹਤ ਪੈਕੇਜ (Relief Package) ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਇਹ ਸਿਰਫ਼ ਐਲਾਨ ਨਹੀਂ ਹੋਵੇਗਾ, ਬਲਕਿ ਹਰ ਪੀੜਤ ਤੱਕ ਮਦਦ ਪਹੁੰਚਾਈ ਜਾਵੇਗੀ।
ਪ੍ਰੈੱਸ ਕਾਨਫਰੰਸ ਦੇ ਐਲਾਨ
ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਮੁਆਵਜ਼ੇ ਦੀ ਰਾਸ਼ੀ ਦੀਵਾਲੀ ਤੱਕ ਚੈੱਕਾਂ ਰਾਹੀਂ ਸਾਰੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਾ ਦਿੱਤੀ ਜਾਵੇਗੀ ।
1. ਫ਼ਸਲ ਦਾ ਨੁਕਸਾਨ: ਫ਼ਸਲ ਖ਼ਰਾਬ ਹੋਣ ‘ਤੇ ਕਿਸਾਨਾਂ ਨੂੰ ₹20,000 ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ ।
2. ਪਸ਼ੂਆਂ ਦੀ ਮੌਤ: ਪ੍ਰਤੀ ਪਸ਼ੂ (ਗਾਂ/ਮੱਝ) ਦੀ ਮੌਤ ‘ਤੇ ₹37,500 ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
3. ਮਕਾਨਾਂ ਦਾ ਨੁਕਸਾਨ: ਨੁਕਸਾਨੇ ਗਏ ਮਕਾਨਾਂ ਲਈ ₹40,000 ਦਾ ਮੁਆਵਜ਼ਾ ਦਿੱਤਾ ਜਾਵੇਗਾ।
4. ਜਾਨੀ ਨੁਕਸਾਨ ‘ਤੇ ਮੁਆਵਜ਼ਾ: ਹੜ੍ਹ ਵਿੱਚ ਜਾਨ ਗੁਆਉਣ ਵਾਲੇ 55 ਲੋਕਾਂ ਵਿੱਚੋਂ 42 ਪਰਿਵਾਰਾਂ ਨੂੰ ₹4-4 ਲੱਖ ਦੀ ਮੁਆਵਜ਼ਾ ਰਾਸ਼ੀ ਸੌਂਪ ਦਿੱਤੀ ਗਈ ਹੈ ਅਤੇ ਬਾਕੀ ਪਰਿਵਾਰਾਂ ਨੂੰ ਵੀ ਜਲਦੀ ਹੀ ਮਦਦ ਦਿੱਤੀ ਜਾਵੇਗੀ ।
CM ਰਾਹਤ ਫੰਡ ਅਤੇ ਕੇਂਦਰ ਨਾਲ ਮੁਲਾਕਾਤ
ਮੁੱਖ ਮੰਤਰੀ ਨੇ ਦੱਸਿਆ ਕਿ CM ਰਾਹਤ ਫੰਡ (CM Relief Fund) ਵਿੱਚ ਹੁਣ ਤੱਕ ₹48 ਕਰੋੜ ਜਮ੍ਹਾਂ ਹੋ ਚੁੱਕੇ ਹਨ, ਜਿਸ ਦੀ ਵਰਤੋਂ ਰਾਹਤ ਕਾਰਜਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦੀ ਹੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮਿਲ ਕੇ ਪੰਜਾਬ ਲਈ ਵਾਧੂ ਸਹਾਇਤਾ ਦੀ ਮੰਗ ਕਰਨਗੇ।
ਕਿਸਾਨਾਂ ਲਈ ਇੱਕ ਹੋਰ ਵੱਡੀ ਖ਼ਬਰ
ਕਿਸਾਨਾਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਝੋਨੇ ਦੀ ਸਰਕਾਰੀ ਖਰੀਦ 16 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਫ਼ੈਸਲਾ ਉਨ੍ਹਾਂ ਕਿਸਾਨਾਂ ਦੀ ਮਦਦ ਲਈ ਲਿਆ ਗਿਆ ਹੈ, ਜਿਨ੍ਹਾਂ ਦੀਆਂ ਫ਼ਸਲਾਂ ਹੜ੍ਹ ਕਾਰਨ ਦੇਰ ਨਾਲ ਪੱਕਣਗੀਆਂ।