ਰੋਡਵੇਜ਼ ਕਰਮਚਾਰੀਆਂ ਨੇ ਜਲੰਧਰ ਬੱਸ ਸਟੈਂਡ ਕੀਤਾ ਬੰਦ: ਆਗੂਆਂ ਦੀ ਗ੍ਰਿਫ਼ਤਾਰੀ ਤੇ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਕਰ ਰਹੇ ਨੇ ਵਿਰੋਧ

On: ਨਵੰਬਰ 29, 2025 7:59 ਪੂਃ ਦੁਃ
Follow Us:

– ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ

ਜਲੰਧਰ —- ਰੋਡਵੇਜ਼ ਕਰਮਚਾਰੀਆਂ ਨੇ ਜਲੰਧਰ ਬੱਸ ਸਟੈਂਡ ਬੰਦ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਅਸਥਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਕਿਲੋਮੀਟਰ ਬੱਸ ਟੈਂਡਰ ਰੱਦ ਨਾ ਕਰਨ ਦਾ ਵਿਰੋਧ ਕਰ ਰਹੇ ਹਨ। ਰੋਡਵੇਜ਼ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪ੍ਰਾਈਵੇਟ ਬੱਸਾਂ ਨੂੰ ਵੀ ਬੱਸ ਸਟੈਂਡ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਰੋਡਵੇਜ਼ ਦੀਆਂ ਬੱਸਾਂ ਡਿਪੂ ਵਿੱਚ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ।

ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਬਾਹਰ ਹੀ ਚੱਲ ਰਹੀਆਂ ਹਨ ਅਤੇ ਉੱਥੇ ਯਾਤਰੀਆਂ ਨੂੰ ਚੁੱਕ ਰਹੀਆਂ ਹਨ। ਯੂਨੀਅਨ ਆਗੂਆਂ ਨਛੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਰਹੇਗੀ। ਇਹ ਤੀਜੀ ਵਾਰ ਹੈ ਜਦੋਂ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਹੈ। ਜਦੋਂ ਵੀ ਉਹ ਧਰਨਾ ਦਿੰਦੇ ਹਨ, ਸਰਕਾਰ ਟੈਂਡਰ ਦੀ ਮਿਤੀ ਵਧਾਉਂਦੀ ਹੈ ਅਤੇ ਟੈਂਡਰ ਰੱਦ ਨਹੀਂ ਕਰਦੀ।

ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਜਲੰਧਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਹ ਵਿਰੋਧ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੇ ਟੈਂਡਰ ਖੋਲ੍ਹਣ ਤੋਂ ਪਹਿਲਾਂ ਦੇਰ ਰਾਤ ਯੂਨੀਅਨ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਇਆ ਸੀ। ਪੁਲਿਸ ਨੇ ਦੇਰ ਰਾਤ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਨਾਲ ਮੁਲਾਜ਼ਮਾਂ ਵਿੱਚ ਗੁੱਸਾ ਆਇਆ। ਇਸ ਗੁੱਸੇ ਕਾਰਨ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਬੱਸ ਸਟੈਂਡ ਬੰਦ ਕਰ ਦਿੱਤਾ।

ਬੱਸ ਸਟੈਂਡ ਬੰਦ ਹੋਣ ਕਾਰਨ ਸਵੇਰੇ ਕਰਮਚਾਰੀਆਂ ਅਤੇ ਬੱਸ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਨਿੱਜੀ ਬੱਸਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਪੰਜਾਬ ਰੋਡਵੇਜ਼ ਦੇ ਕਰਮਚਾਰੀ ਸੁਖਦੇਵ ਸਿੰਘ ਨੇ ਕਿਹਾ ਕਿ ਕੱਲ੍ਹ ਰਾਤ 3-4 ਵਜੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕਰਨਾ ਨਿੰਦਣਯੋਗ ਹੈ।

ਪੰਜਾਬ ਰੋਡਵੇਜ਼ ਦੇ ਕਰਮਚਾਰੀ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਆਗੂਆਂ ਦੇ ਘਰਾਂ ਦੀ ਬੱਚਿਆਂ ਦੀ ਮੌਜੂਦਗੀ ‘ਚ ਤਲਾਸ਼ੀ ਲਈ ਗਈ, ਜਦੋਂ ਕਿ ਉਹ ਘਰ ਮੌਜੂਦ ਨਹੀਂ ਸਨ, ਜੋ ਕਿ ਪੂਰੀ ਤਰ੍ਹਾਂ ਨਾਜਾਇਜ਼ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਇਸ ਕਾਰਵਾਈ ਦੇ ਵਿਰੋਧ ਵਿੱਚ, ਉਨ੍ਹਾਂ ਨੂੰ ਕੇਂਦਰੀ ਸੰਸਥਾ ਵੱਲੋਂ ਪੰਜਾਬ ਭਰ ਦੇ ਸਾਰੇ ਬੱਸ ਸਟੈਂਡ ਬੰਦ ਕਰਨ ਦਾ ਆਦੇਸ਼ ਮਿਲਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਬੱਸ ਸਟੈਂਡ ਦੇ ਅੰਦਰ ਖੜ੍ਹੀਆਂ ਬੱਸਾਂ ਅੰਦਰ ਹੀ ਰਹਿਣਗੀਆਂ, ਅਤੇ ਬਾਹਰ ਖੜ੍ਹੀਆਂ ਬੱਸਾਂ ਬਾਹਰ ਹੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਸਬੰਧੀ ਕੇਂਦਰੀ ਸੰਸਥਾ ਵੱਲੋਂ ਕੋਈ ਵੀ ਹੁਕਮ ਲਾਗੂ ਕੀਤਾ ਜਾਵੇਗਾ। ਆਗੂਆਂ ਨੂੰ ਰਿਹਾਅ ਕੀਤੇ ਜਾਣ ਤੱਕ ਹੜਤਾਲ ਜਾਰੀ ਰਹੇਗੀ।

Join WhatsApp

Join Now

Join Telegram

Join Now

Leave a Comment