– ਸਰਹੱਦ ਪਾਰੋਂ ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਤਸਕਰਾਂ ਵੱਲੋਂ ਭੇਜੀ ਗਈ ਸੀ ਖੇਪ: ਡੀਜੀਪੀ ਗੌਰਵ ਯਾਦਵ
– ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਗ੍ਰਿਫ਼ਤਾਰ ਕੀਤਾ ਮੁਲਜ਼ਮ, ਜੋ 8 ਅਪਰਾਧਿਕ ਮਾਮਲਿਆਂ ਦਾ ਕਰ ਰਿਹਾ ਹੈ ਸਾਹਮਣਾ : ਏ.ਡੀ.ਜੀ.ਪੀ. ਏ.ਐਨ.ਟੀ.ਐਫ. ਨੀਲਾਭ ਕਿਸ਼ੋਰ
ਚੰਡੀਗੜ੍ਹ, 22 ਨਵੰਬਰ 2025 (Time TV Punjabi) – ਲੇਖਕ: ਗੁਰਪ੍ਰੀਤ, ਸੀਨੀਅਰ ਨਿਊਜ਼ ਐਡੀਟਰ: ਸੂਬੇ ਵਿੱਚ ਸਫ਼ਲਤਾਪੂਰਵਕ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਪਾਕਿਸਤਾਨ ਨਾਲ ਸਬੰਧਤ ਆਈ.ਐਸ.ਆਈ.-ਸਮਰਥਿਤ ਨਸ਼ਾ ਤਸਕਰੀ ਮਾਡਿਊਲ ਨੂੰ ਵੱਡਾ ਝਟਕਾ ਦਿੰਦੇ ਹੋਏ, ਪੰਜਾਬ ਪੁਲਿਸ ਦੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਸ਼ਨੀਵਾਰ ਨੂੰ ਕਪੂਰਥਲਾ ਸਥਿਤ ਨਸ਼ਾ ਤਸਕਰ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਪਿੰਡ ਸ਼ੰਨਾ ਸ਼ੇਰ ਸਿੰਘ ਵਾਲਾ (ਕਪੂਰਥਲਾ) ਵਜੋਂ ਹੋਈ ਹੈ । ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸਦੀ ਚਿੱਟੀ ਕੀਆ ਸੇਲਟੋਸ ਨੰਬਰ- ਪੀਬੀ 09 ਏ.ਕਿਊ.-3598, ਜਿਸ ਵਿੱਚ ਉਹ ਸਫ਼ਰ ਕਰ ਰਿਹਾ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 50 ਕਿਲੋ ਹੈਰੋਇਨ ਦੀ ਇਹ ਖੇਪ ਸਰਹੱਦ ਪਾਰੋਂ ਪਾਕਿਸਤਾਨ ਨਾਲ ਸਬੰਧਤ ਆਈ.ਐਸ.ਆਈ. ਸਮਰਥਿਤ ਤਸਕਰਾਂ ਦੁਆਰਾ ਭੇਜੀ ਗਈ ਸੀ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਸੰਦੀਪ ਉਰਫ਼ ਸੀਪਾ,ਜੋ ਇੱਕ ਹਿਸਟਰੀਸ਼ੀਟਰ ਹੈ , ਦੇ ਵਿਰੁੱਧ ਐਨਡੀਪੀਐਸ ਐਕਟ ਦੇ ਪੰਜ ਮੁਕੱਦਿਆਂ ਸਮੇਤ ਅੱਠ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਨੂੰ ਹਾਲ ਹੀ ਵਿੱਚ ਕਪੂਰਥਲਾ ਜੇਲ੍ਹ ਤੋਂ ਰਿਹਾਅ ਹੋਇਆ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ- ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਦੀ ਸੰਭਾਵਨਾ ਹੈ।
ਆਪੇ੍ਰਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏ.ਐਨ.ਟੀ.ਐਫ. ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਨੀਲਾਭ ਕਿਸ਼ੋਰ ਨੇ ਕਿਹਾ ਕਿ ਸਟੀਕ ਤਕਨੀਕੀ ਖੁਫੀਆ ਇਤਲਾਹ ’ਤੇ ਕਾਰਵਾਈ ਕਰਦੇ ਹੋਏ, ਏ.ਐਨ.ਟੀ.ਐਫ. ਟੀਮਾਂ ਵੱਲੋਂ ਉਕਤ ਮੁਲਜ਼ਮ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਲੈ ਕੇ ਹੁਣ ਤੱਕ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਕਿ ਸ਼ੱਕੀ ਨੇ ਜਲਾਲਾਬਾਦ ਦੇ ਸਰਹੱਦੀ ਪਿੰਡ ਬੱਗੇਕੇ ਉਤਾੜ ਤੋਂ ਨਸ਼ਿਆਂ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏ.ਐਨ.ਟੀ.ਐਫ. ਦੀਆ ਟੀਮਾਂ ਨੇ ਸ਼ੱਕੀ ਨੂੰ ਫਿਰੋਜ਼ਪੁਰ ਵਿੱਚ ਟਰੈਕ ਕੀਤਾ ਅਤੇ ਉਸਦਾ ਪਿੱਛਾ ਕੀਤਾ । ਜਿਸ ਦੌਰਾਨ ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮ ਨੇ ਗੱਡੀ ਭਜਾਕੇ ਪੁਲਿਸ ਟੀਮਾਂ ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਕਿਹਾ ਕਿ ਸੰਖੇਪ ਮੁਕਾਬਲੇ ਤੋਂ ਬਾਅਦ ਮੁਲਜ਼ਮ ਨੂੰ ਪਿੰਡ ਰਾਉਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ । ਉਨ੍ਹਾਂ ਅੱਗੇ ਕਿਹਾ ਕਿ ਇਸ ਖੇਪ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ, ਐਸ.ਏ.ਐਸ. ਨਗਰ ਦੇ ਪੁਲਿਸ ਸਟੇਸ਼ਨ ਏ.ਐਨ.ਟੀ.ਐਫ. ਵਿਖੇ 21-11-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਇੱਕ ਕੇਸ ਐਫਆਈਆਰ ਨੰਬਰ 302 ਦਰਜ ਕੀਤਾ ਗਿਆ ਹੈ।







