ਵਿਜੀਲੈਂਸ ਵੱਲੋਂ ਕਮਿਸ਼ਨਰ ਨਗਰ ਨਿਗਮ-ਕਮ- ਐਸ.ਡੀ.ਐਮ. ਬਟਾਲਾ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

On: ਨਵੰਬਰ 22, 2025 4:26 ਬਾਃ ਦੁਃ
Follow Us:
....Advertisement....

– ਮੁਲਜ਼ਮ ਤੋਂ 13.5 ਲੱਖ ਰੁਪਏ ਹੋਰ ਰਕਮ ਵੀ ਬਰਾਮਦ

ਚੰਡੀਗੜ੍ਹ —– ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਗਈ, ਜਿਸ ਸਬੰਧੀ ਉਹ ਸਹੀ ਵੇਰਵੇ ਨਹੀਂ ਦੇ ਸਕਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਸਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕਰਵਾਇਆ ਸੀ, ਜਿਸਦੇ ਦੋ ਬਿੱਲ 1,87,483- ਰੁਪਏ ਅਤੇ 1,85,369 ਰੁਪਏ ਦੇ ਸਨ, ਜਿਨ੍ਹਾਂ ਦੀ ਕੁੱਲ ਰਕਮ 3,72,852 ਰੁਪਏ ਬਣਦੀ ਸੀ। ਇਸ ਸਬੰਧੀ ਉਹ ਨਗਰ ਨਿਗਮ, ਬਟਾਲਾ ਦੇ ਕਮਿਸ਼ਨਰ ਨੂੰ ਮਿਲਿਆ, ਜਿਸਨੇ ਉਸਨੂੰ ਦੱਸਿਆ ਕਿ ਬਿੱਲਾਂ ਦੀ ਉਕਤ ਅਦਾਇਗੀ ਲਈ, ਯਾਨੀ ਇਹਨਾਂ ਬਿੱਲਾਂ ਨੂੰ ਕਲੀਅਰ ਕਰਵਾਉਣ ਲਈ 10% ਕਮਿਸ਼ਨ ਵਜੋਂ 37000 ਰੁਪਏ ਰਿਸ਼ਵਤ ਦੇਣੀ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤਾ ਸੀ, ਜਿਸ ਲਈ 1,81,543 ਰੁਪਏ ਦੀ ਰਕਮ ਵੀ ਬਕਾਇਆ ਸੀ। ਇਸ ਤਰ੍ਹਾਂ ਕੁੱਲ ਰਕਮ ਲਗਭਗ 5,54,395 ਰੁਪਏ ਦੀ ਅਦਾਇਗੀ ਬਕਾਇਆ ਸੀ। ਇਨ੍ਹਾਂ ਬਿੱਲਾਂ ਦੀ ਅਦਾਇਗੀ ਸਬੰਧੀ ਉਹ ਐਸਡੀਓ ਰੋਹਿਤ ਉੱਪਲ ਨੂੰ ਮਿਲਿਆਂ ਜਿਸ ਨੇ ਕਿਹਾ ਕਿ ਉਸਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸ਼ਿਕਾਇਤਕਰਤਾ ਨੂੰ ਬਣਦੀ ਰਕਮ ਜਾਰੀ ਕਰਨ ਲਈ 9% ਕਮਿਸ਼ਨ ਰਿਸ਼ਵਤ ਵਜੋਂ ਦੇਣਾ ਪਵੇਗਾ। ਪਰ ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ।

ਸ਼ਿਕਾਇਤਕਰਤਾ ਦੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ। ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Join WhatsApp

Join Now

Join Telegram

Join Now

Leave a Comment