Punjab News: 10000 ਰੁਪਏ ਲੈਣ ਦੇ ਦੋਸ਼ ਹੇਠ ਸਰਕਾਰੀ ਹਸਪਤਾਲ ਦੇ ਦੋ ਕਰਮਚਾਰੀ ਗ੍ਰਿਫ਼ਤਾਰ

On: ਅਪ੍ਰੈਲ 19, 2025 8:55 ਪੂਃ ਦੁਃ
Follow Us:
---Advertisement---

 

ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਭੁਲੱਥ ਵਿਖੇ ਚੱਲ ਰਹੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਕਰਮਚਾਰੀ ਫਰਜ਼ੀ ਨੈਗੇਟਿਵ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਬਦਲੇ ਰਿਸ਼ਵਤਾਂ ਲੈ ਰਹੇ ਸਨ।

ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਦੋ ਮੁਲਜ਼ਮਾਂ – ਮਨਪ੍ਰੀਤ ਸਿੰਘ ਉਰਫ ਸੋਨੂੰ, ਵਾਰਡ ਅਟੈਂਡੈਂਟ ਅਤੇ ਭੋਲੂ ਉਰਫ ਇਸਮਾਈਲ, ਠੇਕਾ-ਅਧਾਰਤ ਕੰਪਿਊਟਰ ਆਪਰੇਟਰ ਨੂੰ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਕਤ ਹਸਪਤਾਲ ਵਿੱਚ ਤਾਇਨਾਤ ਡਾ. ਮੋਹਿਤਪਾਲ ਅਤੇ ਇੱਕ ਆਰਜੀ ਲੈਬਾਰਟਰੀ ਟੈਕਨੀਸ਼ੀਅਨ ਮਾਨ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਨੈਗੇਟਿਵ ਡੋਪ ਟੈਸਟ ਰਿਪੋਰਟ ਜਾਰੀ ਕਰਨ ਦੇ ਇਵਜ਼ ਵਿੱਚ 10000 ਰੁਪਏ ਵਸੂਲੇ ਸਨ। ਹੋਰ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਡੋਪ ਟੈਸਟ ਦੇ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਲਈ ਧੜੱਲੇ ਨਾਲ ਰਿਸ਼ਵਤ ਲੈਂਦੇ ਸਨ ਅਤੇ ਇਹ ਰਿਪੋਰਟਾਂ ਦੀ ਵਰਤੋਂ ਹਥਿਆਰ ਲਾਇਸੈਂਸ ਲੈਣ ਲਈ ਨਵੀਂਆਂ ਅਰਜ਼ੀਆਂ ਦੇਣ ਜਾਂ ਲਾਇਸੈਂਸ ਰੀਨਿਊ ਕਰਨ ਦੌਰਾਨ ਕੀਤੀ ਜਾਂਦੀ ਸੀ।

ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਬੂਤਾਂ ਸਮੇਤ ਸਕਾਰਾਤਮਕ ਅਤੇ ਫਰਜ਼ੀ ਨੈਗੇਟਿਵ ਰਿਪੋਰਟਾਂ ਨੂੰ ਸਬੂਤ ਪੇਸ਼ ਕੀਤਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ 17/04/2025 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 61(2) ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿਖੇ ਇੱਕ ਕੇਸ ਐਫਆਈਆਰ ਨੰਬਰ 19 ਅਧੀਨ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਇਸ ਸਬੰਧ ਵਿੱਚ ਭ੍ਰਿਸ਼ਟ ਕਾਰਵਾਈਆਂ ਦਾ ਪਰਦਾਫਾਸ਼ ਕਰਨ ਅਤੇ ਉਕਤ ਘੁਟਾਲੇ ਵਿੱਚ ਸ਼ਾਮਲ ਹੋਰ ਸਟਾਫ ਦੀ ਭੂਮਿਕਾ ਪੜਤਾਲਣ ਲਈ ਪੂਰੀ ਬਾਰੀਕਬੀਨੀ ਨਾਲ ਜਾਂਚ ਕਰ ਰਹੀ ਹੈ।

 

Join WhatsApp

Join Now

Join Telegram

Join Now

Leave a Comment