Punjab News: 12 ਵਿਦਿਆਰਥੀਆਂ ਦਾ CM ਮਾਨ ਵੱਲੋਂ ਸਨਮਾਨ

On: ਜੂਨ 29, 2025 5:42 ਬਾਃ ਦੁਃ
Follow Us:
---Advertisement---

 

ਪਟਿਆਲਾ

ਨੀਟ 2025 ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ ਜ਼ਿਲ੍ਹਾ ਪਟਿਆਲਾ ਦੇ 12 ਹੋਣਹਾਰ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਸੰਕਲਪ ਨੂੰ ਮਾਨਤਾ ਦੇਣ ਵਾਸਤੇ ਕਰਵਾਇਆ ਗਿਆ, ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਏ ਮੈਡੀਕਲ ਦੀ ਮੁਕਾਬਲਾ ਪ੍ਰੀਖਿਆ ਵਿੱਚ ਕਾਬਲੀਅਤ ਦਾ ਝੰਡਾ ਲਹਿਰਾਇਆ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਸਫਲਤਾ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਅਤੇ ਨਿਰੰਤਰ ਸਾਰਥਕ ਯਤਨਾਂ ਦੀ ਪੱਕੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਹੋਰ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।

ਡਿਪਟੀ ਡੀਈਓ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਪੱਧਰ ’ਤੇ ਨਿਯਮਤ ਮੌਕ ਟੈੱਸਟ, ਡਾਊਟ ਕਲਾਸਾਂ ਅਤੇ ਮਨੋਵਿਗਿਆਨਿਕ ਮਾਰਗ ਦਰਸ਼ਨ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ। ਪਿਛਲੇ ਸਾਲ ਵੀ ਜ਼ਿਲ੍ਹਾ ਪਟਿਆਲਾ ਨੇ ਨੀਟ ਦੇ ਨਤੀਜਿਆਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਜਿਸ ਦਾ ਸਿਲਸਿਲਾ ਇਸ ਸਾਲ ਵੀ ਜਾਰੀ ਰਿਹਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਉੱਚੀਆਂ ਬੁਲੰਦੀਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ।

ਜ਼ਿਲ੍ਹਾ ਨੋਡਲ ਇੰਚਾਰਜ ਦੌਲਤ ਰਾਮ ਲੈਕਚਰਾਰ ਫਿਜ਼ਿਕਸ ਨੇ ਜਾਣਕਾਰੀ ਦਿੱਤੀ ਕਿ ਸਨਮਾਨਿਤ ਵਿਦਿਆਰਥੀਆਂ ਵਿੱਚ ਮਲਟੀਪਰਪਜ਼ ਸਕੂਲ ਤੋਂ ਪਾਵਸ ਗਰਗ ਅਤੇ ਪ੍ਰਣਵ ਸ਼ਰਮਾ, ਐਨ.ਟੀ.ਸੀ. ਰਾਜਪੁਰਾ ਤੋਂ ਗਜ਼ਲਪ੍ਰੀਤ ਕੌਰ ਅਤੇ ਅਰਮਾਨ, ਸਕੂਲ ਆਫ਼ ਐਮੀਨੈਂਸ. ਫ਼ੀਲਖ਼ਾਨਾ ਤੋਂ ਏਕਜੋਤ ਸਿੰਘ ਅਤੇ ਪ੍ਰੀਆ ਕੁਮਾਰੀ, ਸਸਸਸ ਓ.ਪੀ.ਐਲ. ਪਟਿਆਲਾ ਤੋਂ ਸਲੋਨੀ ਚੌਹਾਨ, ਸਸਸਸ ਵਿਕਟੋਰੀਆ ਪਟਿਆਲਾ ਤੋਂ ਤਾਨਿਆ ਚੌਹਾਨ, ਸਸਸਸ ਸੀਓਣਾ ਤੋਂ ਹਰਸਿਮਰਨ ਕੌਰ ਅਤੇ ਗੁਰਲੀਨ ਕੌਰ, ਸਸਸਸ ਸਿਵਲ ਲਾਈਨਜ਼ ਤੋਂ ਅਭਿਨਵ ਅਤੇ ਸਸਸਸ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਤੋਂ ਅਨੂਵਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਾਵਸ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਮਾਪਿਆਂ ਨੇ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਂਦੇ ਹੋਏ ਹੋਰ ਬੱਚਿਆਂ ਲਈ ਵੀ ਉਤਸ਼ਾਹ ਦਾ ਸਰੋਤ ਸਾਬਤ ਹੋਇਆ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਦੌਲਤ ਰਾਮ ਲੈਕਚਰਾਰ , ਅਸਿਸਟੈਂਟ ਡਾਇਰੈਕਟਰ ਜਸਵਿੰਦਰ ਕੌਰ ਜ਼ਿਲ੍ਹਾ ਮੈਂਟਰ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਪ੍ਰਿੰਸੀਪਲ ਸੰਦੀਪ ਕੁਮਾਰ, ਪ੍ਰਿੰਸੀਪਲ ਰਮਨਦੀਪ ਕੌਰ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

 

Join WhatsApp

Join Now

Join Telegram

Join Now

Leave a Comment