ਰੂਪਨਗਰ ‘ਚ ਸਰਟੀਫਿਕੇਟ ਬਣਾਉਣਾ ਹੋਇਆ ਸੌਖਾ: ਸਰਪੰਚ-ਪਟਵਾਰੀ ਦੀ ਤਸਦੀਕ ਦੀ ਲੋੜ ਖ਼ਤਮ, ਹੈਲਪਲਾਈਨ 1076 ਨਾਲ ਘਰ ਬੈਠੇ ਸੇਵਾ

5

ਰੂਪਨਗਰ ‘ਚ ਸਰਟੀਫਿਕੇਟ ਬਣਾਉਣਾ ਹੋਇਆ ਸੌਖਾ: ਸਰਪੰਚ-ਪਟਵਾਰੀ ਦੀ ਤਸਦੀਕ ਦੀ ਲੋੜ ਖ਼ਤਮ, ਹੈਲਪਲਾਈਨ 1076 ਨਾਲ ਘਰ ਬੈਠੇ ਸੇਵਾ
ਰੂਪਨਗਰ :
ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਹੁਣ ਸਰਟੀਫਿਕੇਟ ਜਿਵੇਂ ਰਿਹਾਇਸ਼ੀ, ਜਾਤੀ, ਆਮਦਨ ਜਾਂ ਪੈਨਸ਼ਨ ਲਈ ਸਰਪੰਚ, ਐਮ ਸੀ, ਨੰਬਰਦਾਰ ਜਾਂ ਪਟਵਾਰੀ ਤੋਂ ਹੱਥ ਲਿਖਤ ਤਸਦੀਕ ਕਰਵਾਉਣ ਦੀ ਲੋੜ ਨਹੀਂ ਰਹੇਗੀ। ਇਹ ਨਵਾਂ ਨਿਯਮ ਅੱਜ ਤੋਂ ਲਾਗੂ ਹੋ ਗਿਆ ਹੈ।

ਡੀਸੀ ਜੈਨ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਸਰਟੀਫਿਕੇਟਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ਦੇ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਸਨ ਅਤੇ ਸਥਾਨਕ ਅਧਿਕਾਰੀਆਂ ਤੋਂ ਰਿਪੋਰਟਾਂ ਲੈਣੀਆਂ ਪੈਂਦੀਆਂ ਸਨ, ਜਿਸ ਨਾਲ ਸਮਾਂ ਅਤੇ ਊਰਜਾ ਦੀ ਬਰਬਾਦੀ ਹੁੰਦੀ ਸੀ। ਹੁਣ ਇਹ ਸਮੱਸਿਆ ਖ਼ਤਮ ਕਰ ਦਿੱਤੀ ਗਈ ਹੈ। ਨਾਗਰਿਕ ਸਿਰਫ਼ ਆਪਣੇ ਅਸਲ ਦਸਤਾਵੇਜ਼ ਲੈ ਕੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਕਰ ਸਕਦੇ ਹਨ, ਅਤੇ ਸਬੰਧਤ ਰਿਪੋਰਟ ਆਨਲਾਈਨ ਹੀ ਤਿਆਰ ਹੋ ਜਾਵੇਗੀ।

ਘਰ ਬੈਠੇ ਸੇਵਾ ਲਈ ਹੈਲਪਲਾਈਨ
ਪੰਜਾਬ ਸਰਕਾਰ ਨੇ ਘਰ ਬੈਠੇ ਸੇਵਾਵਾਂ ਦੀ ਸਹੂਲਤ ਵੀ ਦਿੱਤੀ ਹੈ। ਡੀਸੀ ਨੇ ਦੱਸਿਆ ਕਿ ਹੈਲਪਲਾਈਨ ਨੰਬਰ 1076 ‘ਤੇ ਕਾਲ ਕਰਕੇ ਸਰਟੀਫਿਕੇਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸੇਵਾ ਕੇਂਦਰ ਦੇ ਕਰਮਚਾਰੀ ਲਾਭਪਾਤਰੀ ਦੇ ਘਰ ਪਹੁੰਚ ਕੇ ਸੇਵਾਵਾਂ ਮੁਹੱਈਆ ਕਰਵਾਉਣਗੇ। ਇਹ ਸਹੂਲਤ ਖਾਸ ਕਰਕੇ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਵਰਦਾਨ ਸਾਬਤ ਹੋਵੇਗੀ।

23 ਸੇਵਾ ਕੇਂਦਰ ਸਰਗਰਮ
ਰੂਪਨਗਰ ਜ਼ਿਲ੍ਹੇ ਵਿੱਚ 23 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿੱਥੇ ਨਾਗਰਿਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਡੀਸੀ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਲੋਕ ਡਿਪਟੀ ਕਮਿਸ਼ਨਰ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਬੇਹਿਲੂ, ਡੀ ਆਈ ਟੀ ਐਮ ਮੋਨਿਕਾ ਅਤੇ ਮਾਸਟਰ ਟ੍ਰੇਨਰ ਅਮਨਦੀਪ ਸਿੰਘ ਮੌਜੂਦ ਸਨ।

ਡਿਜੀਟਲ ਗਵਰਨੈਂਸ ਵੱਲ ਕਦਮ
ਇਹ ਫੈਸਲਾ ਪੰਜਾਬ ਸਰਕਾਰ ਦੀ ਡਿਜੀਟਲ ਗਵਰਨੈਂਸ ਨੂੰ ਹੁਲਾਰਾ ਦੇਣ ਵਾਲਾ ਕਦਮ ਹੈ। ਇਸ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਸਰਕਾਰੀ ਸੇਵਾਵਾਂ ਦੀ ਪਹੁੰਚ ਵੀ ਸੌਖੀ ਹੋਵੇਗੀ।