–ਲੋਕ ਇੱਕ ਕਦਮ ਚੱਲਣਗੇ, ਪੁਲਿਸ 10 ਕਦਮ ਚੱਲੇਗੀ – ਡੀਆਈਜੀ ਸਵਪਨ ਸ਼ਰਮਾ–
–ਪੰਜਾਬ ਪੁਲਿਸ ਦੇ ਸੰਪਰਕ ਪ੍ਰੋਗਰਾਮ ਤਹਿਤ ਜਲਾਲਾਬਾਦ ਵਿੱਚ ਪਤਵੰਤਿਆਂ ਨਾਲ ਬੈਠਕ–
ਜਲਾਲਾਬਾਦ, 25 ਮਾਰਚ 2025
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਜਲਾਲਾਬਾਦ ਦੇ ਪਿੰਡ ਗੁਮਾਨੀ ਵਾਲਾ ਵਿਖੇ ਸੰਪਰਕ ਪ੍ਰੋਗਰਾਮ ਤਹਿਤ ਇੱਕ ਬੈਠਕ ਕੀਤੀ। ਇਸ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਖੇਤਰਾਂ ਦੇ ਪਤਵੰਤੇ ਸ਼ਾਮਲ ਹੋਏ। ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸ੍ਰੀ ਸਵਪਨ ਸ਼ਰਮਾ (IPS) ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਬੈਠਕ ਨੂੰ ਸੰਬੋਧਨ ਕਰਦਿਆਂ ਡੀਆਈਜੀ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਪਬਲਿਕ ਬੈਠਕ ਦਾ ਮਕਸਦ ਲੋਕਾਂ ਦੀ ਰਾਏ ਸੁਣਨਾ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ “ਸੇਫ ਪੰਜਾਬ ਹੈਲਪਲਾਈਨ” ਨੰਬਰ 9779100200 ਜਾਰੀ ਕੀਤਾ ਹੈ, ਜਿਸ ’ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਸਬੰਧੀ ਸੂਚਨਾ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਚਨਾ ਦੀ ਪੜਤਾਲ ਅਤੇ ਸਬੂਤ ਇਕੱਠੇ ਕਰਨ ’ਚ ਸਮਾਂ ਲੱਗ ਸਕਦਾ ਹੈ, ਪਰ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਯੁੱਧ ਨਸ਼ਿਆਂ ਵਿਰੁੱਧ ਪੂਰੇ ਸਮਾਜ ਦੀ ਮੁਹਿੰਮ ਹੈ। ਜੇ ਲੋਕ ਇੱਕ ਕਦਮ ਚੱਲਣਗੇ, ਤਾਂ ਪੁਲਿਸ 10 ਕਦਮ ਚੱਲੇਗੀ।” ਉਨ੍ਹਾਂ ਨੇ ਪਿੰਡ ਸੁਰੱਖਿਆ ਕਮੇਟੀਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ, ਤਾਂ ਜੋ ਪਿੰਡਾਂ ਵਿੱਚ ਨਸ਼ਾ ਤਸਕਰਾਂ ’ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਕੌਂਸਲਿੰਗ ਕਰਨ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕ ਰੱਖਣ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਡੀਜੀਪੀ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। “ਕਾਸੋ” ਅਤੇ “ਸੀਲ” ਵਰਗੇ ਆਪਰੇਸ਼ਨਾਂ ਰਾਹੀਂ ਵੀ ਨਤੀਜੇ ਹਾਸਲ ਕੀਤੇ ਜਾ ਰਹੇ ਹਨ।
ਇਲਾਕੇ ਦੇ ਲੋਕਾਂ ਨੇ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਬੈਠਕ ਵਿੱਚ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ, ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਸੁਤੰਤਰ ਜੋਤ ਸਿੰਘ, ਅਬੋਹਰ ਤੋਂ ਪ੍ਰਧਾਨ ਐਡਵੋਕੇਟ ਪ੍ਰਕਾਸ਼ ਸਿੰਘ ਬਰਾੜ, ਜਲਾਲਾਬਾਦ ਤੋਂ ਐਡਵੋਕੇਟ ਅਸ਼ੋਕ ਕੰਬੋਜ, ਸੋਨੂ ਧਮੀਜਾ, ਸੁਖਵਿੰਦਰ ਕੰਬੋਜ, ਰਜੀਵ ਰਹੇਜਾ ਸਮੇਤ ਕਈ ਪਤਵੰਤਿਆਂ ਨੇ ਸੰਬੋਧਨ ਕੀਤਾ। ਸਰਪੰਚ, ਯੂਨੀਅਨਾਂ, ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਐਸਪੀ ਪ੍ਰਦੀਪ ਸਿੰਘ ਸੰਧੂ, ਡੀਐਸਪੀ ਬਲਕਾਰ ਸਿੰਘ ਅਤੇ ਜਤਿੰਦਰ ਸਿੰਘ ਹਾਜ਼ਰ ਸਨ। ਬੈਠਕ ਤੋਂ ਬਾਅਦ ਡੀਆਈਜੀ ਸਵਪਨ ਸ਼ਰਮਾ ਨੇ ਥਾਣਾ ਸਿਟੀ ਜਲਾਲਾਬਾਦ ਦਾ ਨਿਰੀਖਣ ਵੀ ਕੀਤਾ।