ਜ਼ਿਲ੍ਹਾ ਪੱਧਰੀ ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ: ਸਿਖਣ-ਸਿਖਾਉਣ ਸਮੱਗਰੀ ਮੁਕਾਬਲੇ ਆਯੋਜਿਤ
ਫਾਜ਼ਿਲਕਾ, 25 ਮਾਰਚ 2025
ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ ਸਿੱਖਿਆ), ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫਾਜ਼ਿਲਕਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਅਧਿਆਪਕਾਂ ਲਈ “ਐਜੂਕੇਸ਼ਨਲ ਰੌਕਸਟਾਰ ਅਚੀਵਰਜ਼ ਅਵਾਰਡ” ਦੇ ਤਹਿਤ ਸਿਖਣ-ਸਿਖਾਉਣ ਸਮੱਗਰੀ (ਟੀ.ਐੱਲ.ਐੱਮ.) ਮੁਕਾਬਲੇ ਆਯੋਜਿਤ ਕੀਤੇ ਗਏ। ਇਹ ਮੁਕਾਬਲੇ ਪੰਜਾਬੀ ਅਤੇ ਗਣਿਤ ਵਿਸ਼ਿਆਂ ’ਤੇ ਅਧਾਰਿਤ ਸਨ ਅਤੇ ਡਾਇਟ ਫਾਜ਼ਿਲਕਾ ਵਿਖੇ ਹੋਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਦੇ ਪ੍ਰਾਇਮਰੀ ਸਕੂਲ ਅਧਿਆਪਕਾਂ ਨੇ ਆਪਣੀਆਂ ਐਂਟਰੀਆਂ ਜਮ੍ਹਾਂ ਕਰਵਾਈਆਂ।
ਬਲਾਕ ਪੱਧਰ ’ਤੇ ਬੀ.ਪੀ.ਈ.ਓ. ਪੈਨਲ ਨੇ ਹਰ ਬਲਾਕ ਵਿੱਚੋਂ ਪੰਜਾਬੀ ਅਤੇ ਗਣਿਤ ਵਿਸ਼ਿਆਂ ਲਈ 2-2 ਸ਼੍ਰੇਸ਼ਠ ਟੀ.ਐੱਲ.ਐੱਮ. ਦੀ ਚੋਣ ਕੀਤੀ। ਇਨ੍ਹਾਂ ਵਿੱਚੋਂ ਕੁੱਲ 32 ਚੁਣੇ ਗਏ ਟੀ.ਐੱਲ.ਐੱਮ. ਦੀ ਪੇਸ਼ਕਾਰੀ ਅਧਿਆਪਕਾਂ ਨੇ ਜ਼ਿਲ੍ਹਾ ਪੱਧਰ ’ਤੇ ਕੀਤੀ। ਪੰਜਾਬੀ ਵਿਸ਼ੇ ਵਿੱਚ ਪਹਿਲਾ ਸਥਾਨ ਸ੍ਰੀਮਤੀ ਵੀਨਾ ਰਾਣੀ (ਸ. ਪ੍ਰ. ਸ. ਬੇਸਿਕ, ਬਲਾਕ ਫਾਜ਼ਿਲਕਾ-2), ਦੂਜਾ ਸਥਾਨ ਸ੍ਰੀਮਤੀ ਮੋਨੀਕਾ ਰਾਣੀ (ਸ. ਪ੍ਰ. ਸ. ਜੰਡਵਾਲਾ ਭੀਮੇਸ਼ਾਹ, ਬਲਾਕ ਅਬੋਹਰ-2) ਅਤੇ ਤੀਜਾ ਸਥਾਨ ਅਮਰਜੀਤ ਕੌਰ (ਸ. ਪ੍ਰ. ਸ. ਚੱਕ ਸੁਹੇਲੇ ਵਾਲਾ, ਬਲਾਕ ਜਲਾਲਾਬਾਦ-2) ਨੇ ਹਾਸਲ ਕੀਤਾ। ਗਣਿਤ ਵਿਸ਼ੇ ਵਿੱਚ ਪਹਿਲਾ ਸਥਾਨ ਸ੍ਰੀਮਤੀ ਰੂਚੀ (ਸ. ਪ੍ਰ. ਸ. ਜਲਾਲਾਬਾਦ, ਬਲਾਕ ਜਲਾਲਾਬਾਦ-1), ਦੂਜਾ ਸਥਾਨ ਸ੍ਰੀ ਮਾਨ ਨੀਰਜ ਕਾਲੜਾ (ਸ. ਪ੍ਰ. ਸ. ਢਾਬਾ ਕੋਕਰੀਆਂ, ਬਲਾਕ ਅਬੋਹਰ-1) ਅਤੇ
ਤੀਜਾ ਸਥਾਨ ਸ੍ਰੀਮਤੀ ਗੁਰਜਿੰਦਰ ਕੌਰ (ਸ. ਪ੍ਰ. ਸ. ਬਸਤੀ ਟਿਵਾਣਾ, ਬਲਾਕ ਜਲਾਲਾਬਾਦ-1) ਨੇ ਪ੍ਰਾਪਤ ਕੀਤਾ।
ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਤੀਸ਼ ਕੁਮਾਰ, ਡਾਇਟ ਪ੍ਰਿੰਸੀਪਲ ਡਾ. ਰਚਨਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਹੋਏ। ਸਮਾਗਮ ਵਿੱਚ ਵੱਖ-ਵੱਖ ਬਲਾਕਾਂ ਦੇ ਬੀ.ਪੀ.ਈ.ਓ., ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਵਿਜੇਪਾਲ ਅਤੇ ਡੀ.ਆਰ.ਸੀ. ਰਾਜਨ ਬਾਘਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਅਧਿਆਪਕਾਂ ਦੇ ਟੀ.ਐੱਲ.ਐੱਮ. ਦੀ ਸ਼ਲਾਘਾ ਕੀਤੀ, ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਿੱਖਣ-ਸਿਖਾਉਣ ਪ੍ਰਕਿਰਿਆ ਵਿੱਚ ਟੀ.ਐੱਲ.ਐੱਮ. ਦੀ ਮਹੱਤਤਾ ’ਤੇ ਚਾਨਣਾ ਪਾਇਆ।
ਪ੍ਰੋਗਰਾਮ ਦਾ ਸੰਚਾਲਨ ਸ. ਕੁਲਬੀਰ ਸਿੰਘ (ਸੀ.ਐਚ.ਟੀ.) ਅਤੇ ਸ੍ਰੀਮਤੀ ਰੇਖਾ ਨੇ ਕੀਤਾ। ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀ ਟੀਮ ਨੇ ਪ੍ਰੋਗਰਾਮ ਦੀ ਰੂਪ-ਰੇਖਾ ਅਤੇ ਸੰਚਾਲਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਦੀ ਸਰਾਹਨਾ ਕੀਤੀ ਗਈ।