ਬਲਾਕ ਫਾਜ਼ਿਲਕਾ ਦੇ ਸਰਪੰਚਾਂ ਲਈ ਅਵੇਅਰਨੈਸ ਪ੍ਰੋਗਰਾਮ ਆਯੋਜਿਤ

4

ਬਲਾਕ ਫਾਜ਼ਿਲਕਾ ਦੇ ਸਰਪੰਚਾਂ ਲਈ ਅਵੇਅਰਨੈਸ ਪ੍ਰੋਗਰਾਮ ਆਯੋਜਿਤ

ਫਾਜ਼ਿਲਕਾ, 25 ਮਾਰਚ 2025

ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੀ ਅਗਵਾਈ ਹੇਠ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਬਲਾਕ ਫਾਜ਼ਿਲਕਾ ਦੇ ਪਿੰਡਾਂ ਦੇ ਸਰਪੰਚਾਂ ਲਈ ਇੱਕ ਅਵੇਅਰਨੈਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਸਰਪੰਚਾਂ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੇ ਭਲੇ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ।

ਇਸ ਪ੍ਰੋਗਰਾਮ ਵਿੱਚ ਚੀਫ ਮਿਨਿਸਟਰ ਫੀਲਡ ਅਫਸਰ ਰੁਪਾਲੀ ਟੰਡਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਰਪੰਚਾਂ ਨੂੰ ਸਰਕਾਰੀ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਾਲ ਸੁਰੱਖਿਆ ਅਫਸਰ ਰਣਵੀਰ ਕੌਰ ਨੇ ਸਕੀਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਸਿੰਗਲ ਪੇਰੈਂਟਸ, ਅਨਾਥ, ਜੇਲ੍ਹ ਵਿੱਚ ਬੰਦ ਕੈਦੀਆਂ ਦੇ ਬੱਚਿਆਂ ਅਤੇ ਐਚ.ਆਈ.ਵੀ. ਪੀੜਤ ਮਾਪਿਆਂ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਤਹਿਤ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਹੁਣ ਤੱਕ ਜ਼ਿਲ੍ਹਾ ਫਾਜ਼ਿਲਕਾ ਦੇ 106 ਬੱਚਿਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਅਨਾਥ ਤੇ ਬੇਸਹਾਰਾ ਬੱਚਿਆਂ ਦੀ ਸੰਭਾਲ ਲਈ ਬਣੇ ਸੀ.ਸੀ.ਆਈ. (ਚਾਈਲਡ ਕੇਅਰ ਇੰਸਟੀਚਿਊਟ) ਅਤੇ ਅਡੌਪਸ਼ਨ ਸਕੀਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਲੋੜਵੰਦ ਜਾਂ ਬੇਸਹਾਰਾ ਬੱਚਾ ਨਜ਼ਰ ਆਉਂਦਾ ਹੈ, ਤਾਂ ਚਾਈਲਡ ਹੈਲਪ ਲਾਈਨ ਨੰਬਰ 1098 ’ਤੇ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ, ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਦਫਤਰ, ਏ-ਬਲਾਕ, ਤੀਜੀ ਮੰਜ਼ਿਲ, ਕਮਰਾ ਨੰਬਰ 405 ਵਿਖੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਚੇਅਰਪਰਸਨ ਬਾਲ ਭਲਾਈ ਕਮੇਟੀ ਨਵੀਨ ਜਸੂਜਾ, ਸਖੀ ਵਨ ਸਟਾਪ ਸੈਂਟਰ ਦਾ ਸਟਾਫ ਅਤੇ ਦਫਤਰੀ ਅਮਲਾ ਵੀ ਹਾਜ਼ਰ ਸੀ।