ਪੰਜਾਬ ਸਰਕਾਰ ਤੁਰੰਤ ਜਾਰੀ ਕਰੇ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਮੈਡੀਕਲ ਬਜਟ!

13

–ਪੰਜਾਬ ਸਰਕਾਰ ਤੁਰੰਤ ਜਾਰੀ ਕਰੇ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਮੈਡੀਕਲ ਬਜਟ!–

–ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਮੈਡੀਕਲ ਬਜਟ ਜਾਰੀ ਕਰਨ ਦੀ ਜ਼ੋਰਦਾਰ ਮੰਗ–

ਚੰਡੀਗੜ੍ਹ: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ਲਈ ਮੈਡੀਕਲ ਬਜਟ ਤੁਰੰਤ ਜਾਰੀ ਕੀਤਾ ਜਾਵੇ। ਮੈਡੀਕਲ ਬਜਟ ਨਾ ਹੋਣ ਕਾਰਨ ਅਧਿਆਪਕ ਵੱਡੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਅਤੇ ਉਹ ਆਪਣੀਆਂ ਜੇਬਾਂ ਵਿਚੋਂ ਹਜ਼ਾਰਾਂ ਲੱਖਾਂ ਰੁਪਏ ਖਰਚ ਚੁੱਕੇ ਹਨ।

ਯੂਨੀਅਨ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਕੇ ਦਿੱਤਾ ਬਿਆਨ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਤੇ ਕਾਰਜਕਾਰੀ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਸੂਬਾ ਸਲਾਹਕਾਰ ਪ੍ਰੇਮ ਚਾਵਲਾ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀਮੇਘਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ, ਪਰਮਿੰਦਰ ਪਾਲ ਸਿੰਘ ਕਾਲੀਆ, ਨਵੀਨ ਸੱਚਦੇਵਾ, ਬਲਬੀਰ ਸਿੰਘ ਕੰਗ, ਧਰਮ ਸਿੰਘ ਮਲੌਦ ਅਤੇ ਜਸਪਾਲ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੈਡੀਕਲ ਬਜਟ ਤੁਰੰਤ ਜਾਰੀ ਕਰਕੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਪਰੇਸ਼ਾਨੀ ਦੂਰ ਕੀਤੀ ਜਾਵੇ।

ਬਿਲ ਮਨਜ਼ੂਰ, ਪਰ ਬਜਟ ਜਾਰੀ ਨਹੀਂ!

ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਮੈਡੀਕਲ ਲਾਭਾਂ ਅਧੀਨ ਉਨ੍ਹਾਂ ਦੇ ਬਿਲ ਸਿਹਤ ਵਿਭਾਗ ਵੱਲੋਂ ਮਨਜ਼ੂਰ ਕਰ ਲਏ ਗਏ ਹਨ, ਪਰ ਪੰਜਾਬ ਸਰਕਾਰ ਵੱਲੋਂ ਅਜੇ ਤਕ ਉਹਨਾਂ ਬਿਲਾਂ ਦੀ ਭੁਗਤਾਨੀ ਲਈ ਮੈਡੀਕਲ ਬਜਟ ਜਾਰੀ ਨਹੀਂ ਕੀਤਾ ਗਿਆ। ਨਤੀਜੇ ਵਜੋਂ ਅਧਿਆਪਕ ਦਫਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ।

ਆਰਥਿਕ ਮੁਸ਼ਕਲਾਂ ਕਾਰਨ ਅਧਿਆਪਕ ਪਰੇਸ਼ਾਨ

ਯੂਨੀਅਨ ਨੇ ਦੱਸਿਆ ਕਿ ਜਦੋਂ ਅਧਿਆਪਕ ਕਿਸੇ ਹਾਦਸੇ ਜਾਂ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਹੁੰਦੇ ਹਨ, ਤਾਂ ਉਹਨਾਂ ਨੂੰ ਆਪਣੇ ਪੈਸਿਆਂ ਨਾਲ ਇਲਾਜ ਕਰਵਾਉਣਾ ਪੈਂਦਾ ਹੈ। ਬਾਅਦ ਵਿੱਚ, ਉਹ ਮੈਡੀਕਲ ਇਮਬਰਸਮੇਂਟ ਲਈ ਮੈਡੀਕਲ ਕਲੇਮ ਦਾਇਰ ਕਰਦੇ ਹਨ, ਜਿਸ ‘ਚ ਖਰਚ ਦਾ ਸਿਰਫ਼ 50-60% ਹੀ ਮਨਜ਼ੂਰ ਹੁੰਦਾ ਹੈ। ਇਸ ਤੋਂ ਬਾਅਦ ਵੀ ਮੈਡੀਕਲ ਬਜਟ ਦੇ ਨਾ ਜਾਰੀ ਹੋਣ ਕਾਰਨ ਹਜ਼ਾਰਾਂ ਅਧਿਆਪਕ ਬੇਵਜ੍ਹਾ ਤੰਗ ਕੀਤੇ ਜਾ ਰਹੇ ਹਨ।

ਮੈਡੀਕਲ ਬਜਟ ਜਾਰੀ ਕਰਨ ਦੀ ਮੰਗ

ਆਗੂਆਂ ਨੇ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਮੰਗ ਕੀਤੀ ਕਿ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਇਲਾਜ ਲਈ ਹੋਏ ਖ਼ਰਚਾਂ ਦਾ ਮੈਡੀਕਲ ਬਜਟ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ, ਤਾਂ ਜੋ ਮੈਡੀਕਲ ਬਿੱਲ 31-03-2025 ਤੱਕ ਕਲੀਅਰ ਹੋ ਸਕਣ। ਜੇਕਰ ਇਹ ਬਿੱਲ ਮਿਆਦ ਤੋਂ ਪਹਿਲਾਂ ਕਲੀਅਰ ਨਹੀਂ ਹੁੰਦੇ, ਤਾਂ ਅਗਲੇ ਸੈਸ਼ਨ ਲਈ ਇਹਨਾਂ ਦੀ ਦੁਬਾਰਾ ਮਨਜ਼ੂਰੀ ਲੈਣੀ ਪੈਵੇਗੀ, ਜਿਸ ਨਾਲ ਵਿਭਾਗ ਅਤੇ ਅਧਿਆਪਕਾਂ ਦੀ ਬੇਵਜ੍ਹਾ ਪਰੇਸ਼ਾਨੀ ਵਧੇਗੀ।

ਯੂਨੀਅਨ ਨੇ ਪੰਜਾਬ ਸਰਕਾਰ ਨੂੰ ਸੂਚਿਤ ਕਰਦੇ ਹੋਏ ਆਖਿਆ ਕਿ ਜੇਕਰ ਤੁਰੰਤ ਮੈਡੀਕਲ ਬਜਟ ਜਾਰੀ ਨਾ ਕੀਤਾ ਗਿਆ, ਤਾਂ ਅਧਿਆਪਕ ਅਤੇ ਕਰਮਚਾਰੀ ਵੱਡੇ ਪੱਧਰ ‘ਤੇ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਗੇ।