ਡੀਆਈਜੀ ਸਵਪਨ ਸ਼ਰਮਾ ਨੇ ਅਬੋਹਰ ਦਾ ਕੀਤਾ ਦੌਰਾ, ਸਦਰ ਥਾਣੇ ਦੇ ਕੰਮਕਾਜ ਦੀ ਲਈ ਸਮੀਖਿਆ
ਪੁਲਿਸ ਦੀ ਕਾਰਜਕੁਸ਼ਲਤਾ ਵਧੇਗੀ, ਨਸ਼ਾ ਤਸਕਰਾਂ ’ਤੇ ਸਿਕੰਜਾ, ਜਾਣਗੇ ਜੇਲ੍ਹ
ਅਬੋਹਰ, 25 ਮਾਰਚ (Time TV ਪੰਜਾਬੀ)
ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸ੍ਰੀ ਸਵਪਨ ਸ਼ਰਮਾ (IPS) ਨੇ ਅੱਜ ਅਬੋਹਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਦਰ ਥਾਣੇ ਦਾ ਨਿਰੀਖਣ ਕਰਦਿਆਂ ਸਟਾਫ ਨਾਲ ਮੀਟਿੰਗ ਕੀਤੀ ਅਤੇ ਪੁਲਿਸ ਦੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਫਾਜ਼ਿਲਕਾ ਦੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਵੀ ਉਨ੍ਹਾਂ ਨਾਲ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਆਈਜੀ ਸਵਪਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਡੀਜੀਪੀ ਸ੍ਰੀ ਗੌਰਵ ਯਾਦਵ (IPS) ਦੀ ਸਰਪ੍ਰਸਤੀ ਹੇਠ ਪੁਲਿਸ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰੀ ’ਚ ਸ਼ਾਮਲ ਹਰ ਵਿਅਕਤੀ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ’ਚ ਲੱਗੀ ਹੈ ਅਤੇ ਇਸ ਕੰਮ ’ਚ ਜਨਤਾ ਦਾ ਸਹਿਯੋਗ ਵੀ ਮਿਲ ਰਿਹਾ ਹੈ।
ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਲਾਕੇ ’ਚ ਪੁਲਿਸ ਗਸ਼ਤ ਹੋਰ ਵਧਾਈ ਜਾਵੇਗੀ। ਨਸ਼ਾ ਤਸਕਰਾਂ ’ਤੇ ਸਖ਼ਤੀ ਦਾ ਅਸਰ ਦਿਖ ਰਿਹਾ ਹੈ, ਕਿਉਂਕਿ ਹੁਣ ਵੱਧ ਤੋਂ ਵੱਧ ਲੋਕ ਨਸ਼ਾ ਮੁਕਤੀ ਕੇਂਦਰਾਂ ’ਚ ਇਲਾਜ ਲਈ ਪਹੁੰਚ ਰਹੇ ਹਨ। ਉਨ੍ਹਾਂ ਨੇ ਥਾਣੇ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕਿਹਾ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਬਕਾਇਆ ਅਰਜ਼ੀਆਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾਵੇਗਾ ਅਤੇ ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਸੁਚਾਰੂ ਸੇਵਾਵਾਂ ਮਿਲ ਸਕਣ।