ਚੈੱਕ ਕੀਤਾ ਪੇਪਰ ਸਬਮਿਟ ਕਰਨ ਵਿੱਚ ਤਕਨੀਕੀ ਦਿੱਕਤਾਂ, ਸਮੇਂ ਅਤੇ ਨਿਗ੍ਹਾ ਦੀ ਬਰਬਾਦੀ
ਤਰੱਕੀ ਉਪਰੰਤ ਲੈਕਚਰਰਾਂ ਨੂੰ ਸਟੇਸ਼ਨ ਚੋਣ ਕਰਵਾਉਣ ਵਿੱਚ ਅਸਫ਼ਲ ਰਿਹਾ ਸਿੱਖਿਆ ਵਿਭਾਗ-ਡੀ.ਟੀ.ਐਫ
ਦੋ ਮਹੀਨਿਆਂ ਪਹਿਲਾਂ ਲੈਕਚਰਰਾਂ ਨੂੰ ਤਰੱਕੀ ਦੇ ਕੇ ਗੂੜੀ ਨੀਂਦਰ ਵਿੱਚ ਸੁੱਤਾ ਸਿੱਖਿਆ ਵਿਭਾਗ
ਅੰਮ੍ਰਿਤਸਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆ 2025 ਦੀ ਆਨ ਸਕਰੀਨ ਪੇਪਰ ਮਾਰਕਿੰਗ ਕਰਵਾਏ ਜਾਣ ਦੀ ਡੀ.ਟੀ.ਐੱਫ ਵੱਲੋਂ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਬੋਰਡ ਨੇ ਪੇਪਰ ਦੀ ਹਾਰਡ ਕਾਪੀਆਂ ਮੁਲਾਂਕਣ ਕੇਂਦਰ ਵਿੱਚ ਭੇਜਣ ਦੀ ਥਾਂ ਅਧਿਆਪਕਾਂ ਦੀ ਆਈ.ਡੀ ਵਿੱਚ ਭੇਜੇ ਆਨ ਲਾਈਨ ਪੇਪਰ ਤੋਂ ਮੁਲਾਂਕਣ ਕਰਨ ਦੇ ਹੁਕਮ ਜ਼ਾਰੀ ਕੀਤੇ ਹਨ। ਡੀ.ਟੀ.ਐੱਫ ਵੱਲੋਂ ਇਸ ਤੇ ਫੌਰੀ ਰੋਕ ਲਗਾ ਕੇ ਪਹਿਲਾਂ ਪੇਪਰ ਮਾਰਕਿੰਗ ਲਈ ਅਪਨਾਈ ਜਾ ਰਹੀ ਆਫ ਲਾਈਨ ਵਿਧੀ ਅਪਣਾਏ ਜਾਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੀ ਆਈ ਡੀ ਵਿੱਚ ਆਨ ਲਾਈਨ ਉੱਤਰ ਪੱਤਰੀਆਂ ਭੇਜ ਕੇ ਪੇਪਰ ਮਾਰਕਿੰਗ ਕੰਪਿਊਟਰ ਸਕਰੀਨ ਤੋਂ ਵੇਖਦੇ ਹੋਇਆਂ ਕਰਨ ਦੀ ਹਦਾਇਤ ਕੀਤੀ ਗਈ ਹੈ।
ਉੱਤਰ ਪੱਤਰੀਆਂ ਦੀ ਹਾਰਡ ਕਾਪੀਆਂ ਤੋਂ ਮਾਰਕਿੰਗ ਕਰਨ ਦੀ ਬਜਾਏ ਕੰਪਿਊਟਰ ਦੀ ਸਕਰੀਨ ਤੇ ਖੁੱਲ੍ਹੀਆਂ ਉੱਤਰ ਪੱਤਰੀਆਂ ਦੀਆਂ ਸੌਫਟ ਕਾਪੀਆਂ ਨੂੰ ਦੇਖ ਕੇ ਮਾਰਕਿੰਗ ਕਰਨਾ ਨਾ ਸਿਰਫ ਔਖਾ ਕੰਮ ਹੈ ਸਗੋਂ ਨਿਗ੍ਹਾ ਦਾ ਖੌਅ ਵੀ ਬਣ ਰਿਹਾ ਹੈ। ਇਸਤੋਂ ਇਲਾਵਾ ਪੇਪਰ ਮਾਰਕਿੰਗ ਉਪਰੰਤ ਅੰਕ ਸਬਮਿਟ ਕਰਨ ਵਿੱਚ ਆ ਰਹੀ ਸਮੱਸਿਆ ਕਾਰਣ ਅਧਿਆਪਕਾਂ ਨੇ ਕੇਂਦਰ ਸੰਚਾਲਕਾਂ ਨੂੰ ਇਤਰਾਜ਼ ਦਰਜ਼ ਕਰਵਾਇਆ ਹੈ ਕਿ ਕਈ ਅਧਿਆਪਕਾਂ ਵੱਲੋਂ ਅੰਕ ਸਬਮਿਟ ਕਰਦਿਆਂ ਸਮੇਂ ਤਕਨੀਕੀ ਸਮੱਸਿਆ ਆਉਣ ਕਰਕੇ ਪੂਰੇ ਦਾ ਪੂਰੇ ਪੇਪਰ ਦੇ ਅੰਕ ਸ਼ੁਰੂ ਤੋਂ ਚੜ੍ਹਾਉਣੇ ਪੈਂਦੇ ਹਨ, ਜਿਸ ਕਰਕੇ ਸਮਾਂ ਵੱਧ ਬਰਬਾਦ ਹੋ ਰਿਹਾ ਹੈ।
ਅਧਿਆਪਕਾਂ ਨੇ ਡੀ.ਟੀ.ਐੱਫ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਉਨ੍ਹਾਂ ਨੂੰ ਇੱਕ ਇੱਕ ਪੇਪਰ ਦੇ ਅੰਕ ਤਿੰਨ ਤਿੰਨ ਵਾਰ ਐਂਟਰੀ ਕਰਨੀ ਪੈ ਰਹੀ ਹੈ ਜਿਸ ਨਾਲ ਸਿਰਫ ਸਮਾਂ ਬਰਬਾਦ ਹੋ ਰਿਹਾ ਹੈ। ਇਸ ਤਰ੍ਹਾਂ ਇੱਕ ਪੇਪਰ ਦੀ ਮਾਰਕਿੰਗ ਅਤੇ ਇਸ ਉਪਰੰਤ ਅੰਕ ਸਬਮਿਟ ਕਰਨ ਤੇ 40 ਤੋਂ 45 ਮਿੰਟ ਤੱਕ ਲੱਗ ਰਹੇ ਹਨ। ਅਜਿਹਾ ਕਰਨ ਵਿੱਚ ਉਨ੍ਹਾਂ ਦਾ ਨਾ ਸਿਰਫ ਸਮਾਂ ਸਗੋਂ ਅੱਖਾਂ ਵੀ ਖਰਾਬ ਹੋ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਆਨ ਸਕਰੀਨ ਪੇਪਰ ਮਾਰਕਿੰਗ ਕਰਨ ਨਾਲ ਗਲਤ ਮਾਰਕਿੰਗ ਦੀ ਸੰਭਾਵਨਾ ਵੀ ਵਧੇਗੀ, ਅਜਿਹਾ ਹੋਣ ਦੀ ਹਾਲਤ ਵਿੱਚ ਵਿਦਿਆਰਥੀਆਂ ਦੇ ਭਵਿੱਖ ਨਾਲ ਹੋਣ ਵਾਲੇ ਖਿਲਵਾੜ ਲਈ ਜ਼ਿੰਮੇਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇਗਾ। ਹਾਰਡ ਕਾਪੀਆਂ ਤੋਂ ਪੇਪਰ ਮਾਰਕਿੰਗ ਕਰਨਾ ਬਿਨਾਂ ਸ਼ੱਕ ਅਧਿਆਪਕਾਂ ਦਾ ਕੰਮ ਹੈ, ਪਰ ਅੰਕਾਂ ਨੂੰ ਆਨ ਲਾਈਨ ਇੰਦਰਾਜ਼ ਕਰਨ ਅਤੇ ਸਬਮਿਟ ਕਰਨ ਦਾ ਕੰਮ ਅਧਿਆਪਕਾਂ ਦਾ ਨਹੀਂ ਸਗੋਂ ਡਾਟਾ ਐਂਟਰੀ ਆਪਰੇਟਰਾਂ ਦਾ ਹੈ। ਡੀ.ਟੀ.ਐੱਫ ਭਾਂਵੇ ਤਕਨੀਕ ਦੀ ਧੁਰ ਵਿਰੋਧੀ ਨਹੀਂ ਹੈ।
ਪਰ ਬਿਨਾਂ ਕਾਰਣ ਅਧਿਆਪਕਾਂ ਦੀ ਖੱਜਲਖੁਆਰੀ ਦੇ ਬਿਲਕੁਲ ਖਿਲਾਫ ਹੈ। ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਤੋਂ ਪੇਪਰ ਮਾਰਕਿੰਗ ਕਰਾਉਣ ਸਮੇਂ ਅੱਠਵੀਂ ਸ਼੍ਰੇਣੀ ਲਈ ਕੋਈ ਰਾਸ਼ੀ ਨਹੀਂ ਦਿੱਤੀ ਜਾਂਦੀ ਅਤੇ ਦਸਵੀਂ ਸ਼੍ਰੇਣੀ ਦੀ ਪੇਪਰ ਮਾਰਕਿੰਗ ਲਈ ਦਿੱਤੀ ਜਾਣ ਵਾਲੀ ਰਾਸ਼ੀ ਬਹੁਤ ਹੀ ਨਿਗੁਣੀ ਹੈ, ਜਦਕਿ ਕੇਂਦਰੀ ਬੋਰਡ ਵੱਲੋਂ ਪੇਪਰ ਮਾਰਕਿੰਗ ਲਈ ਦਿੱਤੀ ਜਾਣ ਵਾਲੀ ਰਾਸ਼ੀ ਕੀਤੇ ਵੱਧ ਹੈ।
ਅਜਿਹੀ ਸਥਿਤੀ ਵਿੱਚ ਡੀ.ਟੀ.ਐੱਫ ਅਧਿਆਪਕਾਂ ਉੱਤੇ ਥੋਪੀ ਜਾ ਰਹੀ ਆਨ ਸਕਰੀਨ ਮਾਰਕਿੰਗ ਨੂੰ ਸਹਿਣ ਨਹੀਂ ਕਰੇਗੀ ਅਤੇ ਇਸਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਪੇਪਰ ਮਾਰਕਿੰਗ ਲਈ ਪੇਪਰਾਂ ਦੀਆਂ ਹਾਰਡ ਕਾਪੀਆਂ ਦਿੱਤੀਆਂ ਜਾਣ ਅਤੇ ਅੰਕ ਇੰਦਰਾਜ਼ ਕਰਨ ਦਾ ਕੰਮ ਡਾਟਾ ਐਂਟਰੀ ਆਪਰੇਟਰਾਂ ਤੋਂ ਕਰਵਾਇਆ ਜਾਵੇ। ਜਥੇਬੰਦੀ ਦੇ ਆਗੂਆਂ ਨੇ ਸਿੱਖਿਆ ਵਿਭਾਗ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਪਿਛਲੇ ਸਮੇਂ ਵਿੱਚ ਕੀਤੀਆਂ ਲੈਕਚਰ ਤਰੱਕੀਆਂ ਨੂੰ ਸਾਰਥਕ ਕਰਦਿਆਂ ਸਟੇਸ਼ਨ ਚੋਣ ਕਾਰਵਾਈ ਜਾਵੇ।