ਪੰਜਾਬ ਦੇ ਵਸਨੀਕਾਂ ਲਈ ਵੱਡਾ ਤੋਹਫਾ; ਧੂਰੀ ਰੇਲਵੇ ਓਵਰਬ੍ਰਿਜ ਦਾ ਕੰਮ ਜਲਦੀ ਸੁਰੂ ਹੋਵੇਗਾ: ਮੁੱਖ ਮੰਤਰੀ
54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਅਹਿਮ ਪ੍ਰਾਜੈਕਟ 18 ਮਹੀਨਿਆਂ ਵਿੱਚ ਹੋਵੇਗਾ ਪੂਰਾ
ਰੇਲਵੇ ਦੀ ਐਨ.ਓ.ਸੀ. ਵਿੱਚ ਦੇਰੀ ਕਾਰਨ ਪ੍ਰਾਜੈਕਟ ਲਟਕਿਆ
ਚੰਡੀਗੜ੍ਹ
ਪੰਜਾਬ ਦੇ ਲੋਕਾਂ ਖਾਸ ਕਰਕੇ ਧੂਰੀ ਦੇ ਵਸਨੀਕਾਂ ਲਈ ਵੱਡਾ ਤੋਹਫਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਧੂਰੀ ਵਿਖੇ ਦੋ ਮਾਰਗੀ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਦਾ ਨਿਰਮਾਣ ਕੰਮ ਜਲਦੀ ਹੀ ਸੁਰੂ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਗਾਤਾਰ ਯਤਨਾਂ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਆਰ.ਓ.ਬੀ. ਲੈਵਲ ਕਰਾਸਿੰਗ (ਫਾਟਕ) ਨੰਬਰ 62ਏ ‘ਤੇ ਬਣਾਇਆ ਜਾਵੇਗਾ ਅਤੇ ਮਾਲਵਾ ਖੇਤਰ ਦੇ ਲੋਕਾਂ, ਖਾਸ ਕਰ ਕੇ ਧੂਰੀ ਹਿੱਸੇ ਦੇ ਵਸਨੀਕਾਂ ਨੂੰ ਦਰਪੇਸ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 54.76 ਕਰੋੜ ਹੈ, ਜਿਸ ਦਾ ਪੂਰਾ ਖਰਚਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਾਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ ਕਿ ਪ੍ਰਾਜੈਕਟ ਲਈ ਮੁੱਢਲਾ ਕੰਮ 2024 ਵਿੱਚ ਸੁਰੂ ਹੋਇਆ ਸੀ ਪਰ ਮਾਰਚ 2025 ਵਿੱਚ ਰੇਲਵੇ ਦੀ ਮਨਜੂਰੀ/ਐਨ.ਓ.ਸੀ. ਕਾਰਨ ਕੰਮ ਵਿੱਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਪੂਰੀ ਸਿਰੜ ਨਾਲ ਪੈਰਵੀ ਕੀਤੀ ਹੈ ਅਤੇ ਰੇਲਵੇ ਅਧਿਕਾਰੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਹੋਣ ਦੇ ਨਾਲ ਪ੍ਰਾਜੈਕਟ ‘ਤੇ ਕੰਮ ਜਲਦੀ ਸੁਰੂ ਹੋ ਜਾਵੇਗਾ।
ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਖੁਸਹਾਲੀ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਪ੍ਰਸਾਸਨ ਦੇ ਦ੍ਰਿੜ੍ਹ ਯਤਨਾਂ ਸਦਕਾ ਪੰਜਾਬ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਹੀ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਹੋਈ ਹੈ ਅਤੇ ਇਹ ਪ੍ਰਾਜੈਕਟ ਇਸੇ ਦਾ ਪ੍ਰਤੀਕ ਹੈ।







